ਪੰਜਾਬ ਕਾਂਗਰਸ ‘ਚ ਮੱਚੇ ਸਿਆਸੀ ਘਮਸਾਣ ਦੌਰਾਨ ਵਲਟੋਹਾ ਦਾ ਵੱਡਾ ਬਿਆਨ - ਕੈਪਟਨ ਨੂੰ ਬਦਲਣ ਦੀ ਮੰਗ
ਅੰਮ੍ਰਿਤਸਰ: ਪੰਜਾਬ ਕਾਂਗਰਸ (Punjab Congress) ਵਿਚਕਾਰ ਇੱਕ ਵਾਰ ਫਿਰ ਸਿਆਸੀ ਘਮਸਾਣ ਸ਼ੁਰੂ ਹੋ ਗਿਆ ਹੈ। ਕੈਪਟਨ ਦੇ ਕਈ ਵਜ਼ੀਰ ਸ਼ਰੇਆਮ ਕੈਪਟਨ ‘ਤੇ ਸਵਾਲ ਖੜ੍ਹੇ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਬਦਲਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਤੇ ਵੱਡੇ ਸਵਾਲ ਚੁੱਕੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਕੈਪਟਨ ਅਤੇ ਉਨ੍ਹਾਂ ਵਜ਼ੀਰਾਂ ਨੂੰ ਨਿਸ਼ਾਨੇ ਉੱਪਰ ਲਿਆ ਗਿਆ ਹੈ। ਵਲਟੋਹਾ ਨੇ ਕੈਪਟਨ ਦੇ ਵਜ਼ੀਰਾਂ ਨੂੰ ਘੇਰਦਿਆਂ ਕਿਹਾ ਹੈ ਕਿ ਆਪਣੇ ਆਪ ਨੂੰ ਬਚਾਉਣ ਦੇ ਲਈ ਕੈਪਟਨ ਨੂੰ ਬਦਲਣ ਦੀ ਮੰਗ ਕਰ ਰਹੇ ਹਨ। ਨਾਲ ਹੀ ਉਨ੍ਹਾਂ ਕੈਪਟਨ ਉੱਪਰ ਵਰ੍ਹਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਵੀ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ ਇਸ ਕਰਕੇ ਲੋਕ ਹੁਣ ਕੈਪਟਨ ਨੂੰ ਨਹੀਂ ਸਗੋਂ ਸਰਕਾਰ ਨੂੰ ਬਦਲਣ ਦੀ ਤਿਆਰੀ ਕਰ ਰਹੇ ਹਨ।