ਕੋਰੋਨਾ ਦੇ ਨਾਲ-ਨਾਲ ਕੁਦਰਤ ਦਾ ਕਹਿਰ, ਬੇਮੌਸਮੀ ਮੀਂਹ ਕਾਰਨ ਕਿਸਾਨ ਪ੍ਰੇਸ਼ਾਨ - ਕੋਰੋਨਾ ਵਾਇਰਸ ਦਾ ਕਹਿਰ
ਖੰਨਾ: ਬੇਮੌਸਮੀ ਹੋਈ ਬਰਸਾਤ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਦਿੱਤਾ ਹੈ। ਖੰਨਾ ਦੇ ਆਲੇ-ਦੁਆਲੇ ਕੁਝ ਇਲਾਕਿਆਂ ਵਿੱਚ ਵੀ ਮੀਂਹ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕਣਕ ਦੀ ਵਾਢੀ ਨੇ ਇਸ ਵਕਤ ਪੂਰਾ ਜੋਰ ਫੜ੍ਹਿਆ ਹੋਇਆ ਹੈ। ਦੂਜੇ ਪਾਸੇ 15 ਅਪ੍ਰੈਲ ਤੋਂ ਸਰਕਾਰ ਵੱਲੋਂ ਮੰਡੀਆਂ ਵਿੱਚ ਕਣਕ ਨੂੰ ਖ਼ਰੀਦਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ ਐਤਵਾਰ ਨੂੰ ਹੋਈ ਬੇਮੌਸਮੀ ਬਰਸਾਤ ਨੇ ਖੰਨਾ ਦੇ ਆਲੇ-ਦੁਆਲੇ ਦੇ ਕੁਝ ਇਲਾਕਿਆਂ ਵਿੱਚ ਕਣਕ ਦੀ ਖੜੀ ਫਸਲ ਨੂੰ ਗਿੱਲਾ ਕਰ ਦਿੱਤਾ ਹੈ। ਇਸ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਗਿੱਲੀ ਫਸਲ ਨੂੰ ਕੱਟਣਾ ਮੁਸ਼ਕਿਲ ਹੋਵੇਗਾ ਤੇ ਗਿੱਲੀ ਹੋਈ ਫ਼ਸਲ ਨੂੰ ਮੰਡੀਆਂ 'ਚ ਵੀ ਨਹੀਂ ਲਿਜਾਇਆ ਜਾ ਸਕਦਾ। ਭਾਵੇਂ ਇਸ ਮੀਂਹ ਦਾ ਅਸਰ ਕੁਝ ਇਲਾਕੇ ਵਿੱਚ ਹੀ ਦੇਖਣ ਨੂੰ ਮਿਲਿਆ ਪਰ ਇਸ ਨੇ ਕਿਸਾਨਾਂ ਦੇ ਸਾਹ ਸੁੱਕਾ ਦਿੱਤੇ ਹਨ।