ਰਿਹਾਇਸ਼ੀ ਇਲਾਕੇ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਲੋਕਾਂ 'ਚ ਸਹਿਮ ਦਾ ਮਾਹੌਲ - jalandhar crime news
ਜਲੰਧਰ: ਸ਼ਹਿਰ ਦੇ ਗਰੀਨ ਐਵਨਿਊ ਇਲਾਕੇ ਵਿੱਚ ਦੇਰ ਸ਼ਾਮ ਇੱਕ ਖਾਲੀ ਪਲਾਟ 'ਚੋਂ ਗਲੀ ਸੜੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਐਸਐਚਓ ਭਗੰਵਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਹੈ ਅਤੇ ਅਜੇ ਤੱਕ ਮ੍ਰਿਤਕ ਵਿਅਕਤੀ ਦੀ ਪਛਾਣ ਵੀ ਨਹੀਂ ਹੋ ਸਕੀ ਹੈ। ਪੁਲਿਸ ਅਨੁਸਾਰ ਇਲਾਕਾ ਵਾਸੀਆਂ ਨੂੰ ਕਈ ਦਿਨਾਂ ਤੋਂ ਗੰਦੀ ਬਦਬੂ ਆ ਰਹੀ ਸੀ ਜਿਸ ਤੋਂ ਬਾਅਦ ਇੱਕ ਵਿਅਕਤੀ ਨੇ ਜਦੋਂ ਘਰ ਦੀ ਛੱਤ ਤੋਂ ਵੇਖਿਆ ਤਾਂ ਉਸ ਨੂੰ ਭੰਗ ਦੀਆਂ ਝਾੜੀਆਂ 'ਚੋਂ ਲਾਸ਼ ਵਿਖਾਈ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ ਸੀ। ਐਸਐਚਓ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਜੇਕਰ 72 ਘੰਟਿਆਂ ਵਿੱਚ ਇਸ ਦੀ ਪਛਾਣ ਹੁੰਦੀ ਹੈ ਤਾਂ ਧਾਰਾ 174 ਤਹਿਤ ਕਾਰਵਾਈ ਕੀਤੀ ਜਾਵੇਗੀ।