ਪੁਲਿਸ ਭਰਤੀ ਦੀ ਜਾਰੀ ਲਿਸਟ ਖਿਲਾਫ਼ ਬੇਰੁਜ਼ਗਾਰ ਨੌਜਵਾਨ ਚੰਨੀ ਸਰਕਾਰ ਖਿਲਾਫ਼ ਆਏ ਸੜਕਾਂ ’ਤੇ - ਭਰਤੀ ਲਈ ਮੋਟੀਆਂ ਫੀਸਾਂ ਦਿੱਤੀਆਂ
ਬਠਿੰਡਾ: ਚੰਨੀ ਸਰਕਾਰ (Channi government ) ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਉਸ ਸਮੇਂ ਪੋਲ ਖੁੱਲ ਗਈ ਜਦੋਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਵੱਲੋਂ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬਠਿੰਡਾ ਦਾ ਬੱਸ ਸਟੈਂਡ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਜੋ ਪਿਛਲੇ ਦਿਨੀਂ ਪੁਲਿਸ ਭਰਤੀ (Police recruitment) ਦੀ ਲਿਸਟ ਜਾਰੀ ਕੀਤੀ ਗਈ ਹੈ ਉਸ ਵਿੱਚ ਵੱਡੀ ਘਪਲੇਬਾਜ਼ੀ ਨਜ਼ਰ ਆ ਰਹੀ ਹੈ ਕਿਉਂਕਿ ਲਿਸਟ ਉੱਪਰ ਨਾ ਹੀ ਨੰਬਰ ਦਰਸਾਏ ਗਏ ਹਨ ਨਾ ਹੀ ਇਹ ਦੱਸਿਆ ਗਿਆ ਹੈ ਕਿ ਕਿਸ ਕੋਟੇ ਵਿਚ ਭਰਤੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਚੰਨੀ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਸੀ ਕਿਉਂਕਿ ਜੋ ਵੀ ਇਨ੍ਹਾਂ ਵੱਲੋਂ ਨਵੀਂ ਭਰਤੀ ਕੀਤੀ ਗਈ ਜ਼ਿਆਦਾਤਰ ਉਨ੍ਹਾਂ ਪੋਸਟਾਂ ਨੂੰ ਰੱਦ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਨੌਜਵਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਭਰਤੀ ਲਈ ਮੋਟੀਆਂ ਫੀਸਾਂ ਦਿੱਤੀਆਂ ਗਈਆਂ ਸਨ ਅਤੇ ਰੋਜ਼ਾਨਾ ਗਰਾਊਂਡ ਵਿੱਚ ਜਾ ਕੇ ਪ੍ਰੈਕਟਿਸ ਕੀਤੀ ਜਾਂਦੀ ਸੀ ਪਰ ਜੋ ਨਤੀਜੇ ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਹਨ ਉਨ੍ਹਾਂ ਵਿੱਚ ਵੱਡੇ ਘਪਲੇਬਾਜ਼ੀ ਨਜ਼ਰ ਆ ਰਹੀ ਹੈ ਕਿਉਂਕਿ ਇਨ੍ਹਾਂ ਨਤੀਜਿਆਂ ਨੂੰ ਪਾਰਦਰਸ਼ੀ ਢੰਗ ਨਾਲ ਨਹੀਂ ਦਰਸਾਇਆ ਗਿਆ।