ਕੋਰੋਨਾ ਪੀੜਤ ਸ਼ਰਧਾਲੂਆਂ ਨਾਲ ਦੋਸ਼ੀਆਂ ਵਾਲਾ ਵਿਵਹਾਰ ਕਰਨਾ ਸ਼ਰਮਨਾਕ: ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ: ਪੰਜਾਬ 'ਚ ਪਿਛਲੇ ਦਿਨੀਂ ਹਜ਼ੂਰ ਸਾਹਿਬ ਤੋਂ ਆਈਆਂ ਸਿੱਖ ਸੰਗਤਾਂ ਨੂੰ ਪੰਜਾਬ 'ਚ ਕੋਰੋਨਾ ਫੈਲਾਉਣ ਲਈ ਦੋਸ਼ੀ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੇਸ਼ਕ ਸੂਬੇ 'ਚ ਕੋਰੋਨਾ ਦੇ ਮਾਮਲੇ ਵਧੇ ਹਨ, ਪਰ ਇਸ 'ਚ ਸੰਗਤਾਂ ਦਾ ਕੋਈ ਗੁਨਾਹ ਨਹੀਂ ਹੈ। ਉਨ੍ਹਾਂ ਆਖਿਆ ਕਿ ਸਿੱਖ ਸੰਗਤ ਨਾਲ ਸਨਮਾਨਜਨਕ ਵਤੀਰਾ ਕਰਨਾ ਚਾਹੀਦਾ ਹੈ। ਸ਼ਰਧਾਲੂਆਂ ਵਿਰੁੱਧ ਗ਼ਲਤ ਟਿੱਪਣੀਆਂ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਈ ਚਾਹੀਦੀ ਹੈ। ਜਥੇਦਾਰ ਨੇ ਕਿਹਾ ਕਿ ਪਹਿਲਾਂ ਬਲਦੇਵ ਸਿੰਘ ਪਠਲਾਵਾ ਰਾਹੀਂ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਫਿਰ ਪ੍ਰਵਾਸੀਆਂ ਰਾਹੀਂ ਤੇ ਹੁਣ ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਦੇ ਜ਼ਰੀਏ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸਿੱਖ ਸੰਗਤ ਨਾਲ ਪੰਜਾਬ 'ਚ ਰਹਿਣ ਵਾਲੇ ਮਜ਼ਦੂਰ ਵੀ ਆਏ ਪਰ ਇਸ ਤਰ੍ਹਾਂ ਸ੍ਰੀ ਹਜ਼ੂਰ ਸਹਿਬ ਤੇ ਕੌਮ ਨੂੰ ਬਦਨਾਮ ਕਰਨ ਦੇ ਯਤਨ ਨਹੀਂ ਕਰਨੇ ਚਾਹੀਦੇ।