ਲੁਧਿਆਣਾ ’ਚ ਕਿਸਾਨਾਂ ਨੇ ਰੋਕੀਆਂ ਰੇਲਾਂ, ਯਾਤਰੀਆਂ ਨੇ ਦਿੱਤਾ ਸਮਰਥਨ - ਰੋਕੋ ਅੰਦੋਲਨ ਦਾ ਐਲਾਨ
ਲੁਧਿਆਣਾ: ਸੰਯੁਕਤ ਕਿਸਾਨ ਮੋਰਚਾ ਵੱਲੋਂ ਵੀਰਵਾਰ ਨੂੰ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਲੁਧਿਆਣਾ ਵਿੱਚ ਵੀ ਟ੍ਰੇਨਾਂ ਰੋਕੀਆਂ ਗਈਆਂ। ਇਸ ਮੌਕੇ ਯਾਤਰੀਆਂ ਨੇ ਵੀ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਆਖੀ। ਸਫ਼ਰ ਕਰ ਰਹੇ ਯਾਤਰੀਆਂ ਦਾ ਕਹਿਣਾ ਸੀ ਕਿ ਕਿਸਾਨ ਸਿਰਫ਼ ਆਪਣੇ ਲਈ ਨਹੀਂ ਸਗੋਂ ਆਮ ਲੋਕਾਂ ਲਈ ਵੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲੜ ਰਹੇ ਹਨ। ਕਿਸਾਨਾਂ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪੱਛਮੀ ਸੁਪਰਫਾਸਟ ਟਰੇਨ 4 ਘੰਟੇ ਲਈ ਰੋਕ ਲਈ ਗਈ। ਇਸ ਮੌਕੇ ਹੈਰਾਨੀ ਦੀ ਗੱਲ ਇਹ ਰਹੀ ਕਿ ਪ੍ਰੇਸ਼ਾਨ ਹੋ ਰਹੇ ਯਾਤਰੀਆਂ ਨੇ ਕਿਸਾਨਾਂ ਦਾ ਵਿਰੋਧ ਕਰਨ ਦੀ ਬਜਾਏ ਕਿਸਾਨਾਂ ਦੇ ਨਾਲ ਸਹਿਮਤੀ ਪ੍ਰਗਟਾਈ।