ਕੋਰੋਨਾ ਵਾਇਰਸ ਕਾਰਨ ਮੰਦਾ ਪਿਆ ਟੂਰਿਸਟ ਕੰਪਨੀਆਂ ਦਾ ਕਾਰੋਬਾਰ - ਕੋਰੋਨਾ ਵਾਇਰਸ
ਜਲੰਧਰ : ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ਦੇ ਲੋਕ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਚਲਦੇ ਦੇਸ਼ ਤੇ ਵਿਦੇਸ਼ਾਂ ਵਿੱਚ ਵਪਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਟੂਰਿਸਟ ਕੰਪਨੀਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਉੱਤੇ ਵੀ ਪਿਆ ਹੈ। ਜਲੰਧਰ ਵਿੱਚ ਵੀ ਇਸ ਦਾ ਸਿੱਧਾ ਅਸਰ ਟੂਰਿਸਟ ਵੀਜ਼ਾ ਲਵਾਉਣ ਵਾਲੇ ਇਮੀਗ੍ਰੇਸ਼ਨ ਏਜੰਟਾਂ ਉੱਪਰ ਸਾਫ ਦੇਖਣ ਨੂੰ ਮਿਲ ਰਿਹਾ ਹੈ। ਟੂਰਿਸਟ ਵੀਜ਼ਾ ਦਾ ਕੰਮ ਕਰ ਰਹੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਮੰਦਾ ਪੈ ਚੁੱਕਾ ਹੈ, ਜਦਕਿ ਹਰ ਸਾਲ ਵੱਡੀ ਗਿਣਤੀ 'ਚ ਪੰਜਾਬ ਵਿੱਚ ਐਨਆਰਆਈ ਆਉਂਦੇ ਹਨ ਤੇ ਲੋਕ ਇਥੋਂ ਵਿਦੇਸ਼ਾਂ ਨੂੰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਹੁਣ ਉਹ ਵਿਹਲੇ ਬੈਠਣ ਲਈ ਮਜ਼ਬੂਰ ਹਨ। ਉਨ੍ਹਾਂ ਆਖਿਆ ਕਿ ਬੇਸ਼ਕ ਹੁਣ ਬਾਕੀ ਕਾਰੋਬਾਰ ਤੇ ਸਰਕਾਰੀ ਅਦਾਰੇ, ਕੰਪਨੀਆਂ ਆਦਿ ਖੁੱਲ੍ਹ ਚੁੱਕੇ ਹਨ ਪਰ ਟੂਰਿਸਟ ਕੰਪਨੀਆਂ ਦਾ ਕਾਰੋਬਾਰ ਅਜੇ ਵੀ ਪੂਰੀ ਤਰ੍ਹਾਂ ਬੰਦ ਪਿਆ ਹੈ।