ਪਿਸਤੌਲ ਦੀ ਨੋਕ 'ਤੇ ਗਹਿਣਿਆਂ ਦੀ ਦੁਕਾਨ ਲੁੱਟਣ ਵਾਲੇ 3 ਕਾਬੂ
ਬਠਿੰਡਾ: ਗੋਨਿਆਣਾ ਮੰਡੀ ਵਿਖੇ ਗਹਿਣਿਆਂ ਦੀ ਦੁਕਾਨ 'ਚ ਚੋਰੀ ਨੂੰ ਟਰੇਸ ਕਰਦਿਆਂ ਪੁਲਿਸ ਨੇ ਤਿੰਨ ਆਰੋਪੀਆਂ ਇੰਦਰਜੀਤ ਸਿੰਘ ਵਾਸੀ ਪੰਜਗਰਾਈਂ, ਗੁਰਤੇਜ ਸਿੰਘ ਵਾਸੀ ਕੋਠੇ ਸਰਵਾ, ਜਸਵਿੰਦਰ ਸਿੰਘ ਉਰਫ਼ ਭੋਲਾ ਵਾਸੀ ਰੋਮਾਣਾ ਅਲਬੇਲ ਸਿੰਘ ਜ਼ਿਲ੍ਹਾ ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕੀਤਾ ਹੈ। ਬਠਿੰਡਾ ਜ਼ੋਨ ਦੇ ਆਈ.ਜੀ. ਜਸਕਰਨ ਸਿੰਘ ਅਤੇ ਐਸਐਸਪੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ 2 ਹਫ਼ਤੇ ਪਹਿਲਾਂ ਲੱਖੀ ਜਵੈਲਰ ਦੀ ਦੁਕਾਨ ਵਿੱਚੋਂ ਪਿਸਤੌਲ ਦੀ ਨੋਕ 'ਤੇ ਢਾਈ ਕਿੱਲੋ ਸੋਨਾ, 5 ਕਿੱਲੋ ਚਾਂਦੀ ਅਤੇ ਲੱਖਾਂ ਰੁਪਏ ਦੀ ਨਕਦੀ ਲੁੱਟੀ ਗਈ ਸੀ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਗੱਡੀ ਨੰਬਰ ਪੀਬੀ04 ਏਸੀ 4277 ਸਮੇਤ ਕਰੀਬ 71 ਗ੍ਰਾਮ ਸੋਨੇ ਦੇ ਗਹਿਣੇ, ਢਾਈ ਕਿੱਲੋ ਚਾਂਦੀ ਅਤੇ ਵਾਰਦਾਤ ਵਿੱਚ ਵਰਤਿਆ ਰਿਵਾਲਵਰ ਬਰਾਮਦ ਕੀਤਾ ਹੈ। ਬਾਕੀ ਰਹਿੰਦੇ ਤਿੰਨ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।