ਸਿਹਤ ਵਿਭਾਗ ਦੀ ਖੁੱਲ੍ਹੀ ਪੋਲ- ਕੋਰੋਨਾ ਮਰੀਜ਼ ਨੇ ਗੰਦਗੀ ਵਾਲੀ ਐਂਬੂਲੈਂਸ 'ਚ ਬੈਠਣ ਤੋਂ ਕੀਤਾ ਇਨਕਾਰ
ਤਰਨ ਤਾਰਨ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਦੇ ਲਈ ਸਿਹਤ ਸੁਵਿਧਾਵਾਂ ਦੇ ਪੁੱਖਤਾ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਤਰਨ ਤਾਰਨ 'ਚ ਸਿਹਤ ਵਿਭਾਗ ਦੇ ਇਨ੍ਹਾਂ ਦਾਵੀਆਂ ਦੀ ਪੋਲ ਉਦੋਂ ਖੁਲ੍ਹ ਗਈ ਜਦ ਖੇਮਕਰਨ ਸਾਹਿਬ ਵਿਖੇ ਕੋਰੋਨਾ ਪੀੜਤ ਮਰੀਜ਼ ਦੇ ਪਰਿਵਾਰਕ ਮੈਂਬਰ ਨੇ ਸਿਹਤ ਵਿਭਾਗ ਵੱਲੋਂ ਭੇਜੀ ਗਈ ਗੰਦਗੀ ਨਾਲ ਭਰੀ ਹੋਈ ਗੱਡੀ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ। ਖੇਮਕਰਨ ਦੇ ਵਸਨੀਕ ਦਾਦਾ-ਪੋਤੇ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪੌਜ਼ਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਜਦੋਂ ਬੱਚੇ ਦੇ ਪਿਤਾ ਗੁਰਪ੍ਰੀਤ ਸਿੰਘ ਨੂੰ ਇਕਾਂਤਵਾਸ ਕਰਨ ਲਈ ਪੁੱਜੀ ਤਾਂ ਗੰਦਗੀ ਨਾਲ ਭਰੀ ਗੱਡੀ ਵੇਖ ਉਨ੍ਹਾਂ ਇਸ 'ਚ ਬੈਠਣ ਤੋਂ ਇਨਕਾਰ ਕਰ ਦਿੱਤਾ। ਗੱਡੀ ਦੀ ਹਾਲਤ ਵੇਖ ਕੇ ਮੌਕੇ 'ਤੇ ਮੌਜੂਦ ਪੁਲਿਸ ਵੀ ਬੇਬਸ ਨਜ਼ਰ ਆਈ। ਇਸ ਮੌਕੇ ਪੱਟੀ ਦੇ ਐੱਸਡੀਐਮ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾ ਕਿਹਾ ਕਿ ਉਹ ਵਿਭਾਗ ਨੂੰ ਇਸ ਮਾਮਲੇ ਉੱਤੇ ਧਿਆਨ ਦੇਣ ਲਈ ਚੇਤਾਵਨੀ ਦੇਣਗੇ ਤਾਂ ਜੋ ਅਜਿਹੀ ਘਟਨਾ ਮੁੜ ਨਾ ਵਾਪਰੇ।