ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ - ਪ੍ਰਮੋਸ਼ਨ ਲਿਸਟਾਂ ਜਾਰੀ ਨਾ ਹੋਣ ਦੇ ਰੋਸ
ਅਜਨਾਲਾ: ਐਲੀਮੈਂਟਰੀ ਟੀਚਰਜ ਯੂਨੀਅਨ (Elementary Teachers Union) ਤਹਿਸੀਲ ਅਜਨਾਲਾ ਵੱਲੋਂ ਹੈੱਡਟੀਚਰ / ਸੈਂਟਰ ਹੈੱਡਟੀਚਰ ਪ੍ਰਮੋਸ਼ਨਾ ਦੀਆਂ ਲਿਸਟਾਂ ਜਾਰੀ ਨਾ ਕਰਨ ਦੇ ਰੋਸ਼ ਵਜੋਂ ਅਜਨਾਲਾ ਅੰਦਰ ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੁਤਲਾ ਫੂਕ ਰਹੇ ਆਗੂਆਂ ਨੇ ਕਿਹਾ ਕਿ ਹੈੱਡਟੀਚਰ /ਸੈਂਟਰ ਹੈੱਡਟੀਚਰ ਦੀਆਂ ਪ੍ਰੋਮੋਸ਼ਨਾ ਸਬੰਧੀ ਸਟੇਸ਼ਨ ਚੋਣ ਕਰਾ ਕੇ ਸਾਰੇ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਪ੍ਰਪੋਜਲਾਂ ਡੀ.ਪੀ.ਆਈ ਐਲੀਮੈਂਟਰੀ ਦਫ਼ਤਰ ਮੋਹਾਲੀ ਨੂੰ ਪ੍ਰਵਾਨਗੀ ਲਈ ਭੇਜ ਦਿੱਤੀਆਂ ਗਈਆਂ ਹਨ। ਪਰ ਉਨ੍ਹਾਂ ਵੱਲੋਂ ਪ੍ਰਵਾਨਗੀ ਵਿੱਚ ਬੇਵਜ੍ਹਾ ਦੇਰੀ ਕੀਤੀ ਜਾ ਰਹੀ, ਜਿਸ ਦਾ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਈ.ਟੀ.ਯੂ ਪੰਜਾਬ ਵੱਲੋਂ ਪ੍ਰਮੋਸ਼ਨ ਲਿਸਟਾਂ ਜਾਰੀ ਨਾ ਹੋਣ ਦੇ ਰੋਸ ਵਜੋਂ 11 ਦਸੰਬਰ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾ ਰਿਹਾ ਹੈ, ਜਿਸ ਵਿੱਚ ਅੰਮ੍ਰਿਤਸਰ ਜਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।