ਇੰਡੀਅਨ ਆਇਲ ਦੀ ਗਲ਼ਤ ਟੈਂਡਰ ਨੀਤੀਆਂ ਵਿਰੁੱਧ ਟੈਂਕਰ ਯੂਨੀਅਨ ਨੇ ਕੀਤਾ ਹੜਤਾਲ ਦਾ ਐਲਾਨ - ਟੈਂਕਰ ਯੂਨੀਅਨ
ਸੰਗਰੂਰ : ਜ਼ਿਲ੍ਹੇ 'ਚ ਟੈਂਕਰ ਯੂਨੀਅਨ ਸੰਗਰੂਰ ਤੇ ਟਰਾਂਸਪੋਰਟ ਯੂਨੀਅਨ ਸੰਗਰੂਰ ਵੱਲੋਂ ਇੰਡੀਅਨ ਆਇਲ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਦੋਹਾਂ ਯੂਨੀਅਨ ਦੇ ਆਗੂਆਂ ਵੱਲੋਂ ਵਿਸ਼ੇਸ਼ ਬੈਠਕ ਵੀ ਕੀਤੀ ਗਈ। ਇਸ ਬਾਰੇ ਦੱਸਦੇ ਹੋਏ ਟੈਂਕਰ ਯੂਨੀਅਨ ਜਲੰਧਰ ਦੇ ਪ੍ਰਧਾਨ ਕਿਸ਼ਨ ਲਾਸ ਸ਼ਰਮਾ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਦੋਹਾਂ ਯੂਨੀਅਨ ਨਾਲ ਸਲਾਹ ਕੀਤੇ ਬਗੈਰ ਇੰਡੀਅਨ ਆਇਲ ਵੱਲੋਂ ਟੈਂਡਰ ਪਾਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇੰਡੀਅਨ ਆਇਲ ਵੱਲੋਂ ਕੱਢੇ ਗਏ ਇਨ੍ਹਾਂ ਟੈਂਡਰਾਂ ਰਾਹੀਂ ਪੰਜਾਬ, ਹਰਿਆਣਾ, ਹਿਮਾਚਲ ਸਣੇ ਹੋਰਨਾਂ ਨੇੜਲੇ ਸੂਬਿਆਂ ਵਿੱਚ ਤੇਲ ਦੀ ਸਪਲਾਈ ਪ੍ਰਭਾਵਤ ਹੋਵੇਗੀ। ਉਨ੍ਹਾਂ ਨੇ ਇਸ ਟੈਂਡਰ ਨੂੰ ਮੋਦੀ ਸਰਕਾਰ ਦੀ "ਸਬਕਾ ਸਾਥ, ਸਬਕਾ ਵਿਕਾਸ" ਟੈਂਕਰ ਡਰਾਈਵਰਾਂ, ਹੈਲਪਰਾਂ ਤੇ ਢੁਹਾਈ ਦਾ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਵਿਰੁੱਧ ਦੱਸਿਆ। ਉਨ੍ਹਾਂ ਇੰਡੀਅਨ ਆਇਲ ਦੇ ਅਧਿਕਾਰੀਆਂ ਉੱਤੇ ਟੈਂਡਰ ਲੀਕ ਕੀਤੇ ਜਾਣ ਦੇ ਦੋਸ਼ ਲਾਏ। ਉਨ੍ਹਾਂ ਆਖਿਆ ਕਿ ਇਸ ਰਾਹੀਂ ਤਕਰੀਬਨ 10 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਤ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਟੈਂਡਰ ਪਾਲਿਸੀ ਲੀਕ ਹੋਣ ਦੇ ਪ੍ਰਮਾਣ ਮਿਲੇ ਹਨ। ਉਨ੍ਹਾਂ ਆਖਿਆ ਕਿ ਉਹ ਲਗਾਤਾਰ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਰਹਿਣਗੇ ਅਤੇ ਸੋਮਵਾਰ ਤੋਂ ਉਹ ਆਪਣੀ ਹੜਤਾਲ ਸ਼ੁਰੂ ਕਰਨਗੇ।