70 ਗ੍ਰਾਮ ਹੈਰੋਇਨ ਸਣੇ ਟੈਕਸੀ ਚਾਲਕ ਅਤੇ 2 ਤਸਕਰ ਕਾਬੂ
ਸਪੈਸ਼ਲ ਟਾਸਕ ਫੋਰਸ ਨੇ ਮੋਹਾਲੀ ਦੇ ਟੋਲ ਪਲਾਜ਼ਾ ਨੇੜੇ ਨਾਕੇਬੰਦੀ ਦੌਰਾਨ 3 ਨੌਜਵਾਨਾਂ ਨੂੰ 70 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਜਾਣਕਾਰੀ ਮੁਤਾਬਿਕ ਐੱਸਟੀਐੱਫ਼ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਸੁਰਜੀਤ ਸਿੰਘ ਵਾਸੀ ਮੋਰਿੰਡਾ, ਨਰੇਸ਼ ਕੁਮਾਰ ਵਾਸੀ ਰੂਪਨਗਰ ਨੂੰ 35-35 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂਕਿ ਉਸ ਦੇ ਟੈਕਸੀ ਡਰਾਈਵਰ ਮਨਜੀਤ ਸਿੰਘ ਨੂੰ ਵੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਮੁਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ, ਕਿ ਦੋਵੇ ਮੁਲਜ਼ਮ ਦਿੱਲੀ ਦੇ ਰਹਿਣ ਵਾਲੇ ਨਾਜੀਰੀਅਨ ਪਾਸੋਂ ਇਹ ਹੈਰੋਇਨ ਲਿਆ ਕੇ ਮੋਹਾਲੀ ਦੇ ਨੇੜਲੇ ਇਲਾਕਿਆਂ ਵਿੱਚ ਸਪਲਾਈ ਕਰਦੇ ਸਨ। ਇਸ ਦੇ ਨਾਲ ਹੀ ਉਕਤ ਦੋਹਾਂ ਵਿਅਕਤੀਆਂ ਉੱਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ 7 ਮਾਮਲੇ ਦਰਜ਼ ਹਨ। ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।