ਸ੍ਰੀ ਗੁਰੂ ਰਾਮਦਾਸ ਰੋਟਰੀ ਕੈਂਸਰ ਹਸਪਤਾਲ ਵਿਖੇ 25ਵੀਂ ਸਲਾਨਾ ਕਾਨਫਰੰਸ ਦਾ ਪ੍ਰਬੰਧ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਭਾਰਤ ਦੀ ਮੋਹਰੀ ਸੰਸਥਾ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਅੰਮ੍ਰਿਤਸਰ ਵਿਖੇ ਐਸੋਸੀਏਸ਼ਨ ਆਫ਼ ਰੇਡੀਏਸ਼ਨ ਆਨਕੋਲੋਜਿਸਟ ਦੀ 25ਵੀਂ ਸਲਾਨਾ ਕਾਨਫਰੰਸ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਡਾ. ਜੀ. ਕੇ. ਰਾਥ ਨੇ ਕਿਹਾ ਕਿ ਨਾਮੁਰਾਦ ਬੀਮਾਰੀ ਕੈਂਸਰ ਦੀ ਮਾਰ ਝੱਲ ਰਹੇ ਮਰੀਜ਼ਾਂ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਸੰਸਥਾ, ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਰਾਮਦਾਸ ਰੋਟਰੀ ਕੈਂਸਰ ਹਸਪਤਾਲ ਬੇਹਤਰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਵੱਲੋਂ ਆਧੁਨਿਕ ਤਰੀਕਿਆਂ, ਜਿਨ੍ਹਾਂ ਵਿੱਚ ਅਰਿਪਲ ਐਨਰਜੀ ਲੀਨੀਅਰ ਐਕਸਿਲੇਟਰ, ਸੀ. ਟੀ. ਸਿਮੂਲੇਟਰ, ਆਈ. ਐਮ. ਆਰ. ਟੀ., ਬਰੇਕੀਥਰੇਪੀ ਤੇ ਆਈ. ਜੀ. ਆਰ. ਟੀ. ਆਦਿ ਸ਼ਾਮਲ ਹਨ, ਇਨ੍ਹਾਂ ਦੀ ਵਿਵਸਥਾ ਕਰਨੀ ਖਿੱਤੇ ਲਈ ਆਸ ਦੀ ਕਿਰਨ ਹੈ। ਇਨ੍ਹਾਂ ਅਤਿ ਅਧੁਨਿਕ ਵਿਧੀਆਂ ਨਾਲ ਪੰਜਾਬ ਅੰਦਰ ਕੈਂਸਰ ਦਾ ਦਰਦ ਝੱਲ ਰਹੇ ਮਰੀਜ਼ਾਂ ਦਾ ਇਲਾਜ਼ ਬਿਨਾ ਤਕਲੀਫ਼ ਸੰਭਵ ਹੋਇਆ ਹੈ। ਇਸ ਦੋ ਰੋਜ਼ਾ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਮੌਕੇ ਨੈਸ਼ਨਲ ਕੈਂਸਰ ਇੰਸਟੀਚਿਊਟ ਝੱਜਰ, ਹਰਿਆਣਾ ਦੇ ਡਾਇਰੈਕਟਰ ਡਾ. ਜੀ. ਕੇ. ਰਾਥ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।