ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ - ਗੁਰਦੁਆਰਾ ਸ੍ਰੀ ਮੰਜੀ ਸਾਹਿਬ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ 'ਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦਾ ਪ੍ਰਕਾਸ਼ ਕੀਤਾ ਹੈ। ਹਰ ਸਾਲ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਂਣ ਤੇ ਨੌਜਵਾਨਾਂ ਨੂੰ ਪ੍ਰੇਰਤ ਕਰਨ ਲਈ ਵੱਡੇ ਪੱਧਰ 'ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ, ਪਰ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਸਮਾਗਮ ਘੱਟ ਲੋਕਾਂ ਦੀ ਮੌਜਦੂਗੀ 'ਚ ਮਨਾਏ ਜਾਣਗੇ। ਸ੍ਰੀ ਅਖੰਡ ਪਾਠ ਸਾਹਿਬ ਅੱਜ ਤੋਂ ਸ਼ੁਰੂ ਕੀਤੇ ਗਏ ਹਨ ਤੇ 28 ਜੂਨ ਨੂੰ ਭੋਗ ਪਾਏ ਜਾਣਗੇ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਦਿਲਬਾਗ ਸਿੰਘ, ਬਘੇਲ ਸਿੰਘ ਅਤੇ ਅਰਦਾਸੀ ਗੁਰਸੇਵਕ ਸਿੰਘ ਵੀ ਹਾਜ਼ਰ ਰਹੇ। ਦੱਸਣਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਪ੍ਰੇਰਤ ਹੋ ਕੇ ਪਾਕਿਸਤਾਨ 'ਚ ਵੀ ਉਨ੍ਹਾਂ ਦੀ ਬਰਸੀ ਨੂੰ ਸਮਰਪਿਤ ਕਈ ਪ੍ਰੋਗਰਾਮ ਕਰਵਾਏ ਜਾਂਦੇ ਹਨ।