ਫਿਲੌਰ 'ਚ ਲੁਟੇਰਿਆਂ ਦੇ ਹੌਸਲੇ ਬੁਲੰਦ, 24 ਘੰਟੇ 'ਚ ਦੂਜੀ ਘਟਨਾ ਨੂੰ ਦਿੱਤਾ ਅੰਜਾਮ - jalandhar snatching news
ਜਲੰਧਰ: ਜ਼ਿਲ੍ਹੇ ਦੇ ਕਸਬਾ ਫਿਲੌਰ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬੇਹਦ ਖ਼ਰਾਬ ਹੁੰਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਲੁਟੇਰਿਆਂ ਨੇ ਲੁੱਟ ਖੋਹ ਦੀ ਦੂਜੀ ਘਟਨਾ ਨੂੰ ਅੰਜਾਮ ਦਿੱਤਾ ਹੈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਵਿਨੇ ਨੇ ਦੱਸਿਆ ਕਿ ਦੁਕਾਨ ਉੱਤੇ ਦੁੱਧ ਅਤੇ ਦਹੀ ਦਾ ਮੁੱਲ ਪੁੱਛਣ ਬਹਾਨੇ ਦੋ ਨੌਜਵਾਨ ਆਏ ਅਤੇ ਚਲੇ ਗਏ। ਕੁੱਝ ਸਮਾਂ ਮਗਰੋਂ ਇਹੀ ਨੌਜਵਾਨ ਮੁੜ ਵਾਪਸ ਆਏ ਅਤੇ ਕਿਸੇ ਨੂੰ ਵੀ ਖੜ੍ਹਾ ਨਾ ਵੇਖ ਦੁਕਾਨਦਾਰ ਦੀ ਗਲ 'ਚ ਪਾਈ ਚੈਨ ਨੂੰ ਖੋਹਣ ਦੀ ਕੋਸ਼ਿਸ਼ ਕੀਤੀ। ਦੁਕਾਨਦਾਰ ਨੇ ਲੁਟੇਰਿਆਂ ਦਾ ਸਾਹਮਣਾ ਕੀਤਾ ਪਰ ਕੋਈ ਮਦਦ ਨਾ ਮਿਲਣ ਕਾਰਨ ਲੁਟੇਰਿਆਂ ਨੇ ਵਿਨੇ 'ਤੇ ਰਾਡ ਨਾਲ ਹਮਲਾ ਕੀਤਾ ਅਤੇ ਚੈਨ ਖੋਹ ਕੇ ਭੱਜਣ 'ਚ ਕਾਮਯਾਬ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਮੋਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।