ਝੁੱਗੀਆਂ ਵਾਲਿਆਂ ਨੇ ਪੇਸ਼ ਕੀਤੀ ਮਾਨਵਤਾ ਦੀ ਮਿਸਾਲ, ਡੀਸੀ ਨੇ ਕੀਤੀ ਸ਼ਲਾਘਾ - ਝੁੱਗੀਆਂ ਵਾਲਿਆਂ ਨੇ ਦਿੱਤੀ ਮਿਸਾਲ
ਬਰਨਾਲਾ: ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਦੌਰਾਨ ਬਰਨਾਲਾ ਪ੍ਰਸ਼ਾਸਨ ਵਲੋਂ ਲਗਾਤਾਰ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਇਸ ਦੌਰਾਨ ਜਿੱਥੇ ਰਾਸ਼ਨ ਜਮਾਖੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਇਸ ਦੇ ਉਲਟ ਕੁੱਝ ਅਜਿਹੇ ਲੋਕ ਵੀ ਸਾਹਮਣੇ ਆਏ ਹਨ, ਜੋ ਝੁੱਗੀਆਂ 'ਚ ਰਹਿ ਕੇ ਵੀ ਰਾਸ਼ਨ ਲੈਣ ਤੋਂ ਇਨਕਾਰ ਕਰ ਰਹੇ ਹਨ। ਇਨ੍ਹਾਂ ਲੋਕਾਂ ਨੇ ਪ੍ਰਸ਼ਾਸਨਿਕ ਟੀਮ ਨੂੰ ਕਿਹਾ ਕਿ ਅਜੇ ਉਨ੍ਹਾਂ ਕੋਲ ਲੋੜੀਂਦਾ ਰਾਸ਼ਨ ਮੌਜੂਦ ਹੈ, ਜਦੋਂ ਲੋੜ ਪਵੇਗੀ ਤਾਂ ਉਹ ਪ੍ਰਸ਼ਾਸਨ ਕੋਲੋਂ ਮੰਗ ਲੈਣਗੇ। ਪ੍ਰਸ਼ਾਸਨ ਵੱਲੋਂ ਇਹ ਰਾਸ਼ਨ ਉਨ੍ਹਾਂ ਲੋਕਾਂ ਤੱਕ ਪਹੁੰਚਾਇਆ ਜਾਵੇ ਜਿਨ੍ਹਾਂ ਲੋਕਾਂ ਨੂੰ ਮੌਜੂਦਾ ਸਮੇਂ 'ਚ ਭੋਜਨ ਦੀ ਸਖ਼ਤ ਲੋੜ ਹੈ। ਇਨ੍ਹਾਂ ਲੋਕਾਂ ਵੱਲੋਂ ਵਿਖਾਈ ਗਈ ਦਰਿਆਦਿਲੀ ਤੇ ਮਾਨਵਤਾ ਦੀ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਵੀ ਸ਼ਲਾਘਾ ਕੀਤੀ ਗਈ ਹੈ।