ਸਿਮਰਨਜੀਤ ਬੈਂਸ ਨੇ ਬਲਾਤਕਾਰ ਦੇ ਲੱਗੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ - ਬਲਾਤਕਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਖਾਰਜ ਕਰ ਦਿੱਤਾ
ਸ਼੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਗੁਆਂਢੀ ਸੂਬਿਆਂ ਤੋਂ ਪਾਣੀ ਦੀ ਬਣਦੀ ਕੀਮਤ ਲੈਣ ਸਬੰਧੀ ਸਰਕਾਰਾਂ ਅਤੇ ਇਸ ਮਾਮਲੇ ਨਾਲ ਸਬੰਧਤ ਹੋਰਨਾਂ ਧਿਰਾਂ 'ਤੇ ਦਬਾਅ ਵਧਾਉਣ ਵਾਸਤੇ ਲੋਕ ਇਨਸਾਫ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਅਧਿਕਾਰ ਯਾਤਰਾ ਜ਼ਿਲ੍ਹੇ ਵਿੱਚ ਪਹੁੰਚੀ। ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਦੀ ਅਗਵਾਈ ਵਿੱਚ ਪਹੁੰਚੇ 400 ਤੋਂ ਵਧ ਵਰਕਰਾਂ ਸਮੇਤ ਲੋਕਾਂ ਦੇ ਵੱਡੇ ਇਕੱਠ ਨੇ ਪੰਜਾਬ ਅਧਿਕਾਰ ਯਾਤਰਾ ਦਾ ਧਮਾਕੇਦਾਰ ਸਵਾਗਤ ਕੀਤਾ। ਇਸ ਮੌਕੇ ਸਿਮਰਜੀਤ ਬੈਂਸ ਨੇ ਖੁਦ 'ਤੇ ਲੱਗੇ ਬਲਾਤਕਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ "ਲੋਕ ਇਨਸਾਫ ਪਾਰਟੀ ਦੀ ਚੜਤ ਤੋਂ ਲੋਕ ਘਬਰਾਏ ਹੋਏ ਹਨ। ਮੇਰੇ ਕਿਰਦਾਰ ਬਾਰੇ ਪੰਜਾਬ ਜਾਣਦਾ ਹੈ। ਮੇਰੇ ਖਿਲਾਫ਼ ਘਟੀਆ ਕਿਸਮ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ।" ਬੈਂਸ ਨੇ ਆਖਿਆ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਾਜਸਥਾਨ ਵੱਲ 16 ਲੱਖ ਕਰੋੜ ਰੁਪਇਆ ਬਕਾਇਆ ਹੈ ਜਦੋਂ ਕਿ ਸੂਬੇ ਦੇ ਆਮ ਲੋਕਾਂ 'ਤੇ ਕਿਸਾਨਾਂ ਦੇ ਸਿਰ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ।