ਸਿਮਰਜੀਤ ਸਿੰਘ ਬੈਂਸ ਦਾ ਅਕਾਲੀ ਦਲ ਅਤੇ ਕੈਪਟਨ 'ਤੇ ਹਮਲਾ
ਜਲੰਧਰ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਆਪਣੇ ਆਗੂਆਂ ਅਤੇ ਕਾਰਜਕਰਤਾਵਾਂ ਨੂੰ ਮਿਲਣ ਲਈ ਜਲੰਧਰ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਅਕਾਲੀ ਦਲ ਦੇ ਧਰਨੇ ਬਾਰੇ ਕਿਹਾ ਕਿ ਦੱਸ ਸਾਲ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ 'ਤੇ ਆਪਣੀ ਕੁਰਸੀ ਲਈ ਉਹਨਾਂ ਦੇ ਰਾਜ ਵਿੱਚ ਬੇਅਦਬੀ ਵਰਗੀਆਂ ਘਟਨਾਵਾਂ ਹੋਈਆਂ, ਪੰਜਾਬ ਰੋਡਵੇਜ਼ ਪਨਬੱਸ ਵਰਗੇ ਵੱਡੇ ਅਦਾਰਿਆਂ ਨੂੰ ਖ਼ਤਮ ਕਰਕੇ ਆਪਣੀਆਂ ਬੱਸਾਂ ਦਾ ਜ਼ਖੀਰਾ ਵਧਾਇਆ ਅੱਜ ਉਹ ਲੋਕ ਕਹਿੰਦੇ ਹਨ ਕਿ ਨਵੇਂ ਬਣੇ ਮੁੱਖ ਮੰਤਰੀ ਦਾ ਘਰ ਘੇਰਨਾ ਹੈ। ਬੈਂਸ ਨੇ ਕਿਹਾ ਕਿ ਅਕਾਲੀ ਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵਧਾਈ ਦਿੰਦੇ ਹੋਏ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਥੋੜ੍ਹਾ ਸਮਾਂ ਚੰਨੀ ਨੂੰ ਜ਼ਰੂਰ ਦੇਣ ਕਿਉਂਕਿ ਅਜੇ ਤਾਂ ਪੰਜਾਬ ਵਿੱਚ ਕੈਬਿਨਟ ਵੀ ਨਹੀਂ ਬਣੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਪੰਜਾਬ ਦੀਆਂ ਸਮੱਸਿਆਵਾਂ ਜਿਨ੍ਹਾਂ ਵਿਚ ਲੋਕਾਂ ਨੂੰ ਇਨਸਾਫ਼ ਦਿਵਾਉਣ, ਰੇਤਾ ਬਜਰੀ ਅਤੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਕਾਰਵਾਈ ਕਰਦੇ ਹੋਏ ਪੂਰਾ ਕਰਨਗੇ।