ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਕੁੱਟਮਾਰ ਹੋਣ 'ਤੇ ਦੁਕਾਨਦਾਰਾਂ ਨੇ ਕੀਤਾ ਰੋਸ ਪ੍ਰਦਰਸ਼ਨ - ਮੋਗਾ
ਮੋਗਾ: ਸ਼ਹਿਰ ਦੇ ਬੱਸ ਸਟੈਂਡ ਦੇ ਬਾਹਰ ਬਣਿਆ ਦੁਕਾਨਾਂ ਨੂੰ ਲੈ ਕੇ ਨਗਰ ਨਿਗਮ ਤੇ ਦੁਕਾਨਦਾਰਾਂ ਵਿਚਾਲੇ ਵਿਵਾਦ ਜਾਰੀ ਹੈ। ਇਹ ਵਿਵਾਦ ਵੱਧਣ ਦੇ ਚਲਦੇ ਪੁਲਿਸ ਨੇ 10 ਲੋਕਾਂ 'ਤੇ ਮਾਮਲਾ ਦਰਜ ਕੀਤਾ ਸੀ। ਇਸ ਦੌਰਾਨ ਸ਼ਹਿਰ ਦੇ ਥਾਣਾ ਛੇ ਦੇ ਐਸਐਚਓ ਸੁਰਜੀਤ ਸਿੰਘ ਉੱਤੇ ਦੁਕਾਨਦਾਰਾਂ ਨੇ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਥਾਣੇ 'ਚ ਬੁਲਾ ਕੇ ਕੁੱਟਮਾਰ ਕੀਤੇ ਜਾਣ ਦੇ ਦੋਸ਼ ਲਾਏ ਹਨ। ਇਸ ਮਾਮਲੇ ਨੂੰ ਲੈ ਕੇ ਅੱਜ ਦੁਕਾਨਦਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਵਿੱਚ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਵੀ ਸ਼ਾਮਲ ਹੋਏ। ਉਨ੍ਹਾਂ ਕਾਂਗਰਸ ਸਰਕਾਰ 'ਤੇ ਦੋਸ਼ ਲਾਉਂਦੇ ਹੋਏ ਨਗਰ ਨਿਗਮ ਤੇ ਪੁਲਿਸ ਪ੍ਰਸ਼ਾਸਨ ਉੱਤੇ ਦੁਕਾਨਦਾਰਾਂ 'ਤੇ ਤੱਸ਼ਦਦ ਕਰਨ ਦੇ ਦੋਸ਼ ਲਾਏ ਹਨ। ਪ੍ਰਦਰਸ਼ਨਕਾਰੀਆਂ ਨੇ ਸੁਣਵਾਈ ਨਾ ਹੋਣ 'ਤੇ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ।