ਕੁਲਭੂਸ਼ਨ ਸ਼ੋਰੀ ਖਿਲਾਫ਼ ਪਰਚਾ ਦਰਜ ਕਰਨ ਵਾਲੇ SHO ਦਾ ਤਬਾਦਲਾ - ਗੜ੍ਹਸ਼ੰਕਰ ਦੇ ਐਸ.ਐਚ.ਓ ਦਾ ਤਬਾਦਲਾ
ਗੜ੍ਹਸ਼ੰਕਰ: ਬੀਤੇ ਦਿਨ ਸ਼੍ਰੀ ਬ੍ਰਾਹਮਣ ਸਭਾ ਗੜ੍ਹਸ਼ੰਕਰ ਦੇ ਪ੍ਰਧਾਨ ਤੇ ਕਾਂਗਰਸ ਦੇ ਜਿਲ੍ਹਾ ਉਪ ਪ੍ਰਧਾਨ ਠੇਕੇਦਾਰ ਕੁਲਭੂਸ਼ਨ ਸ਼ੋਰੀ ਖਿਲਾਫ ਗੜ੍ਹਸ਼ੰਕਰ ਪੁਲਿਸ ਵੱਲੋਂ ਨਜ਼ਾਇਜ਼ ਕਬਜ਼ਾ ਕਰਨ ਦੇ ਆਰੋਪ ਅਧੀਨ ਦਰਜ ਕੀਤੇ ਗਏ, ਪਰਚੇ ਕਾਰਨ ਹਿੰਦੂ ਸੰਗਠਨਾਂ ਦੇ ਰੋਸ਼ ਨੂੰ ਦੇਖਦੇ ਹੋਏ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਡੀ.ਐਸ.ਪੀ ਵੱਲੋਂ ਸ਼ਹਿਰ ਦੇ ਹਿੰਦੂ ਸੰਗਠਨਾਂ ਤੇ ਹੋਰ ਮੋਹਤਬਰਾਂ ਨਾਲ ਗੱਲਬਾਤ ਕਰਕੇ ਜਾਂਚ ਤੋਂ ਬਾਅਦ ਪਰਚਾ ਰੱਦ ਕਰਨ ਦਾ ਭਰੋਸਾ ਦੇ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ। ਜਿਥੇ ਇਸ ਨਜਾਇਜ਼ ਪਰਚੇ ਕਾਰਨ ਹਿੰਦੂ ਸੰਗਠਨਾਂ ਵਿੱਚ ਰੋਸ਼ ਪਾਇਆ ਜਾ ਰਿਹਾ ਸੀ ਅਤੇ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਪੁਲਿਸ ਤੇ ਸਰਕਾਰ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਸੀ। ਇਸ ਸਬੰਧੀ ਅਜਾਇਬ ਸਿੰਘ ਬੋਪਾਰਾਏ ਤੇ ਰਜਿੰਦਰ ਸਿੰਘ ਸ਼ੂਕਾ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਕਿ ਸਬੰਧਤ ਐਸ.ਐਚ.ਓ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਪਰਚੇ ਦੀ ਉਚ ਪੱਧਰੀ ਜਾਂਚ ਕੀਤੀ ਜਾਵੇਗੀ। ਜਿਸ ਕਾਰਨ ਸ਼ਹਿਰ ਵਿੱਚ 8 ਦਸੰਬਰ ਨੂੰ ਪੁਲਿਸ ਪ੍ਰਸ਼ਾਸਨ ਖਿਲਾਫ਼ ਦਿੱਤਾ ਜਾਣ ਵਾਲਾ ਧਰਨਾ ਰੱਦ ਕਰ ਦਿੱਤਾ ਗਿਆ ਹੈ।