5ਵੀਂ ਤੋਂ 10ਵੀਂ ਤੱਕ ਦੇ ਸਕੂਲ ਖੁੱਲ੍ਹੇ, ਪਰ ਵਿਦਿਆਰਥੀ ਨਹੀਂ ਆਏ - 5ਵੀਂ ਤੋਂ 10ਵੀਂ ਤੱਕ ਦੇ ਸਕੂਲ ਖੁੱਲ੍ਹੇ
ਤਲਵੰਡੀ ਸਾਬੋ: ਕੋਰੋਨਾ ਕਾਰਨ ਪਿਛਲੇ ਕਰੀਬ 10 ਮਹੀਨਿਆਂ ਤੋਂ ਬੰਦ ਪਏ ਸਕੂਲਾਂ ਨੂੰ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ 11ਵੀਂ ਅਤੇ 12ਵੀਂ ਦੀਆਂ ਜਮਾਤਾਂ ਆਰੰਭ ਕਰ ਦਿੱਤੀਆਂ ਸਨ ਪਰ ਬਾਕੀ ਕਲਾਸਾਂ ਦੇ ਵਿਦਿਆਰਥੀ ਘਰਾਂ ਵਿੱਚ ਬੈਠ ਕੇ ਹੀ ਆਨਲਾਈਨ ਪੜ੍ਹਾਈ ਕਰ ਰਹੇ ਸਨ। ਬੀਤੇ ਦਿਨੀਂ ਪੰਜਾਬ ਦੇ ਸਿੱਖਿਆ ਮੰਤਰੀ ਨੇ ਪੰਜਵੀਂ ਤੋਂ 10ਵੀਂ ਤੱਕ ਦੀਆਂ ਕਲਾਸਾਂ ਲਾਉਣ ਦਾ ਐਲਾਨ ਕੀਤਾ। ਦੂਜੇ ਦਿਨ ਅੱਜ ਸਕੂਲਾਂ ਵਿੱਚ ਜਾ ਕੇ ਦੇਖਣ ਵਿੱਚ ਆਇਆ ਕਿ ਸਰਕਾਰੀ ਹੁਕਮਾਂ ਦੇ ਬਾਵਜੂਦ ਅਜੇ ਉਕਤ ਕਲਾਸਾਂ ਦੇ ਬੱਚੇ ਸਕੂਲ ਨਹੀਂ ਆਉਣ ਲੱਗੇ। ਡਿਪਟੀ ਕਮਿਸ਼ਨਰ ਬਠਿੰਡਾ ਦੀ ਅਗਵਾਈ ਹੇਠ ਚੱਲਦੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਦਸ਼ਮੇਸ਼ ਪਬਲਿਕ ਸੈਕੰਡਰੀ ਸਕੂਲ ਵਿੱਚ ਜਾ ਕੇ ਦੇਖਿਆ ਗਿਆ ਤਾਂ 5ਵੀਂ ਤੋਂ 10ਵੀਂ ਤੱਕ ਦਾ ਕੋਈ ਵਿਦਿਆਰਥੀ ਨਜ਼ਰ ਨਹੀਂ ਆਇਆ ਭਾਵੇਂ ਕਿ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀ ਆਮਦ ਨੂੰ ਦੇਖਦਿਆਂ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ 11ਵੀਂ ਅਤੇ 12ਵੀਂ ਦੇ ਜੋ ਵਿਦਿਆਰਥੀ ਆ ਰਹੇ ਹਨ ਉਨ੍ਹਾਂ ਦਾ ਤਾਪਮਾਨ ਚੈੱਕ ਕਰਕੇ ਕਲਾਸਾਂ ਵਿੱਚ ਭੇਜਿਆ ਜਾਂਦਾ ਹੈ। ਵਿਦਿਆਰਥੀਆਂ ਅਤੇ ਸਟਾਫ਼ ਵਾਸਤੇ ਮਾਸਕ ਜ਼ਰੂਰੀ ਕੀਤਾ ਗਿਆ ਹੈ।