ਗੁਰਦੁਆਰਾ ਸਾਹਿਬ 'ਚ ਸੇਵਾ ਕਰਨ ਵਾਲੇ ਗ੍ਰੰਥੀ ਸਿੰਘਾਂ ਦਾ ਸਹਾਰਾ ਬਣਿਆ ਸਰਪੰਚ
ਗੁਰਦਾਸਪੁਰ : ਪੰਜਾਬ 'ਚ ਲਗਾਤਾਰ ਕਰਫਿਊ ਜਾਰੀ ਰਹਿਣ ਦੇ ਚਲਦੇ ਸਿੱਖ ਕੌਮ ਦਾ ਇੱਕ ਅਜਿਹਾ ਵਰਗ ਸੰਕਟ 'ਚ ਆ ਗਿਆ ਹੈ ਜੋ ਕਿ ਧਾਰਮਿਕ ਤੇ ਸਮਾਜਿਕ ਖ਼ੇਤਰ 'ਚ ਬਹੁਤ ਵੱਡਾ ਯੋਗਦਾਨ ਦੇ ਰਿਹਾ ਹੈ। ਸੂਬੇ ਦੇ ਪਿੰਡਾਂ ਤੇ ਸ਼ਹਿਰਾਂ 'ਚ ਗੁਰਦੁਆਰਾ ਸਾਹਿਬ 'ਚ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਤੇ ਕੀਰਤਨ ਕਰਨ ਵਾਲੇ ਸਿੰਘਾਂ ਦੀ ਆਰਥਿਕ ਪੱਖੋਂ ਹਾਲਤ ਕਮਜ਼ੋਰ ਹੁੰਦੀ ਜਾ ਰਹੀ ਹੈ। ਪ੍ਰਸ਼ਾਸਨ, ਸਰਕਾਰ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਕਿਸੇ ਨੇ ਇਨ੍ਹਾਂ ਦੀ ਸਾਰ ਨਹੀਂ ਲਈ। ਅਜਿਹੇ 'ਚ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤੱਤਲਾ ਦੇ ਸਰਪੰਚ ਜਸਪਾਲ ਸਿੰਘ ਤੱਤਲਾ ਪੰਥਕ ਵਰਗ ਦਾ ਸਹਾਰਾ ਬਣੇ। ਵਿਸਾਖੀ ਸਿਰਜਨਾ ਮੌਕੇ ਜਸਪਾਲ ਸਿੰਘ ਨੇ ਗ੍ਰੰਥੀ ਸਾਹਿਬਾਨਾਂ ਨੂੰ ਘਰ ਬੁਲਾ ਕੇ ਸਿਰੋਪਾਓ ਤੇ ਨਗਦੀ ਨਾਲ ਸਨਮਾਨਿਤ ਕਰਕੇ ਵੱਖਰੀ ਮਿਸਾਲ ਪੇਸ਼ ਕੀਤੀ । ਗ੍ਰੰਥੀ ਸਿੰਘ ਵੀ ਇਸ ਸਨਮਾਨ ਨੂੰ ਲੈ ਕੇ ਬੇਹਦ ਖੁਸ਼ ਨਜ਼ਰ ਆਏ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੀ ਸਿਰਜਨਾ ਵਾਲੇ ਦਿਨ ਸਨਮਾਨ ਮਿਲਣਾ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਨਾਂਅ ਦੀ ਦੁਹਾਈ ਦੇਣ ਵਾਲਿਆਂ ਨੇ ਇਸ ਔਖੇ ਸਮੇਂ 'ਚ ਪੰਥਕ ਵਰਗ ਦੀ ਸਾਰ ਨਹੀਂ ਲਈ।