ਲੋੜਵੰਦਾਂ ਦਾ ਸਹਾਰਾ ਬਣੀ 'ਸਰਬੱਤ ਦਾ ਭਲਾ ਟਰੱਸਟ'
ਅੰਮ੍ਰਿਤਸਰ: ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ.ਓਬਰਾਏ ਦੀ ਸਰਪ੍ਰਸਤੀ ਹੇਠ ਢਪੱਈ ਖੇਤਰ ਦੇ 65 ਸਿਕਲੀਗਰ ਸਿੱਖਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ 30 ਪਾਠੀ ਸਿੰਘਾਂ ਦੇ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਸੁੱਕਾ ਰਾਸ਼ਨ ਵੰਡਿਆ ਗਿਆ ਹੈ। ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਬੁੱਕਲ 'ਚ ਵੱਸਦੇ ਢਪੱਈ ਖੇਤਰ ਅੰਦਰ ਰਹਿਣ ਵਾਲੇ ਸਿਕਲੀਗਰ ਸਿੱਖਾਂ ਦੇ ਆਗੂ ਹਰਭਜਨ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਕੋਰੋਨਾ ਮਹਾਂਮਾਰੀ ਕਾਰਨ ਮੰਦੇ ਹਲਾਤਾਂ ਬਾਰੇ ਦੱਸਿਆ, ਜਿਸ ਤੋਂ ਬਾਅਦ ਟਰੱਸਟ ਵੱਲੋਂ ਇਨ੍ਹਾਂ ਨੂੰ ਰਾਸ਼ਨ ਦੇ ਨਾਲ-ਨਾਲ ਜ਼ਰੂਰੀ ਸਮਾਨ ਵੀ ਮੁਹੱਈਆ ਕਰਵਾਇਆ ਗਿਆ। ਟਰੱਸਟ ਦੇ ਸਲਾਹਕਾਰ ਸੁਖਦੀਪ ਸਿੱਧੂ ਨੇ ਇਹ ਭਰੋਸਾ ਦਵਾਇਆ ਕਿ ਮਹਾਂਮਾਰੀ ਦੌਰਾਨ ਅਤੇ ਲੋੜ ਪੈਣ 'ਤੇ ਸਰਬੱਤ ਦਾ ਭਲਾ ਟਰੱਸਟ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹੇਗਾ।