ਕਾਠਮੰਡੂ ਤੋਂ ਚੱਲੇ ਨਗਰ ਕੀਰਤਨ ਦਾ ਲੁਧਿਆਣਾ 'ਚ ਭਰਵਾਂ ਸਵਾਗਤ - ਸ੍ਰੀ ਗੁਰੂ ਨਾਨਕ ਦੇਵ ਜੀ
ਕੌਮਾਂਤਰੀ ਨਗਰ ਕੀਰਤਨ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਚੱਲ ਕੇ ਲੁਧਿਆਣਾ ਪਹੁੰਚਿਆ ਜਿੱਥੇ ਵੱਡੀ ਤਾਦਾਦ 'ਚ ਸਿੱਖ ਸੰਗਤ ਵੱਲੋਂ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਸ਼ਹਿਰ ਦੇ ਗਿੱਲ ਰੋਡ, ਘੰਟਾਘਰ, ਸਲੇਮ ਟਾਬਰੀ ਅਤੇ ਜਲੰਧਰ ਬਾਈਪਾਸ ਤੋਂ ਹੁੰਦਾ ਹੋਇਆ ਜਲੰਧਰ ਲਈ ਰਵਾਨਾ ਹੋ ਗਿਆ। ਨਗਰ ਕੀਰਤਨ ਪਾਕਿਸਤਾਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ 'ਤੇ ਜਾ ਕੇ ਸੰਪੰਨ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਅਤੇ 5 ਪਿਆਰਿਆਂ ਨਾਲ ਇਹ ਨਗਰ ਕੀਰਤਨ ਉੱਤਰ ਭਾਰਤ ਦੇ ਵੱਖ ਵੱਖ ਹਿੱਸਿਆਂ 'ਚ ਹੁੰਦਾ ਹੋਇਆ, ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵੱਲ ਵਧ ਰਿਹਾ ਹੈ। ਇਸ ਦੌਰਾਨ ਗਤਕਾ ਪਾਰਟੀਆਂ ਵੱਲੋਂ ਗਤਕੇ ਦੇ ਜੌਹਰ ਵੀ ਵਿਖਾਏ ਗਏ। ਇਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਥਾਂ ਥਾਂ 'ਤੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਉਥੇ ਹੀ ਕੌਮਾਂਤਰੀ ਪੱਧਰ 'ਤੇ ਨਗਰ ਕੀਰਤਨ ਸਿੱਖ ਸੰਗਤ ਨੂੰ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ।