'ਗੋਲਡੀ ਮਾਨੇਪੁਰ ਇੱਕ ਮੌਕਾਪ੍ਰਸਤ ਵਿਅਕਤੀ' - ਵਿਧਾਨ ਸਭਾ ਹਲਕਾ ਗੁਰਦਾਸਪੁਰ
ਗੁਰਦਾਸਪੁਰ: ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਕਿਸਾਨ ਆਗੂ ਇੰਦਰਪਾਲ ਸਿੰਘ ਨੇ ਐਸ. ਡੀ. ਐਮ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਅਤੇ ਭਾਜਪਾ ਵਿਚ ਸ਼ਾਮਿਲ ਹੋਏ। ਗੁਰਦਾਸਪੁਰ ਵਿਖੇ ਨਾਮਜ਼ਦਗੀ ਪੱਤਰ ਭਰਨ ਆਏ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਕਿਸਾਨ ਆਗੂ ਇੰਦਰਪਾਲ ਸਿੰਘ ਨੇ ਕਿਹਾ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਨੂੰ ਲੈ ਕੇ ਅੱਜ ਰਾਜਨੀਤੀ ਵਿਚ ਉੱਤਰੇ ਹਨ ਕਿਉਂਕਿ ਰਾਜਨੀਤਿਕ ਲੋਕਾਂ ਵੱਲੋਂ ਹੀ ਕਿਸਾਨਾਂ ਦੇ ਖ਼ਿਲਾਫ਼ ਗ਼ਲਤ ਕਾਨੂੰਨ ਬਣਾਏ ਜਾਂਦੇ ਹਨ। ਇਸ ਕਰਕੇ ਕਿਸਾਨਾਂ ਦਾ ਵੀ ਰਾਜਨੀਤੀ ਵਿਚ ਉੱਤਰਨਾਂ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਰਾਜਨੀਤੀ ਵਿੱਚ ਆਉਣ ਨਾਲ ਦੂਸਰੀਆਂ ਰਿਵਾਇਤੀ ਪਾਰਟੀਆਂ ਦਾ ਆਧਾਰ ਖ਼ਤਮ ਹੁੰਦਾ ਜਾ ਰਿਹਾ ਹੈ। ਇਸ ਮੌਕੇ ਤੇ ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋਏ ਕਿਸਾਨ ਆਗੂ ਗੋਲਡੀ ਮਾਨੇਪਰ ਉੱਪਰ ਵੀ ਸ਼ਬਦੀ ਹਮਲੇ ਕੀਤੇ ਅਤੇ ਕਿਹਾ ਕਿ ਗੋਲਡੀ ਮਾਨੇਪੁਰ ਇੱਕ ਮੌਕਾਪ੍ਰਸਤ ਵਿਅਕਤੀ ਹੈ ਅਤੇ ਜੇਕਰ ਉਸ ਨੇ ਪ੍ਰਧਾਨਗੀ ਹੀ ਲੈਣੀ ਸੀ ਤਾਂ ਸੰਯੁਕਤ ਸਮਾਜ ਮੋਰਚੇ ਵਿੱਚ ਲੈ ਲੈਂਦਾ ਅਤੇ ਕਿਹਾ ਕਿ ਗੋਲਡੀ ਮਾਨੇਪੁਰ ਹੁਣ ਕਿਸਾਨਾਂ ਨੂੰ ਕੀ ਮੂੰਹ ਦਿਖਾਵੇਗਾ।