ਭਾਰਤ ਬੰਦ ਦੌਰਾਨ ਪੂਰਨ ਤੌਰ 'ਤੇ ਬੰਦ ਨਜ਼ਰ ਆਇਆ ਰੂਪਨਗਰ - ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ
ਰੂਪਨਗਰ :ਕਿਸਾਨ ਅੰਦੋਲਨ ਨੂੰ ਸਫਲ ਬਣਾਉਣ ਲਈ ਕਿਸਾਨਾਂ ਦੇ ਸੱਦੇ 'ਤੇ ਅੱਜ ਭਾਰਤ ਬੰਦ ਹੈ। ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਰੂਪਨਗਰ ਵਿਖੇ ਪੂਰਨ ਸਮਰਥਨ ਮਿਲਿਆ ਹੈ। ਸ਼ਹਿਰ 'ਚ ਮੈਡੀਕਲ ਸਟੋਰ ਛੱਡ ਕੇ ਸ਼ਹਿਰ ਵਿੱਚ ਦੁਕਾਨਾਂ ,ਬਾਜ਼ਾਰ ਤੇ ਪੈਟਰੋਲ ਪੰਪ ਆਦਿ ਪੂਰੀ ਤਰ੍ਹਾਂ ਬੰਦ ਨਜ਼ਰ ਆਏ। ਇਸ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਕਿਸਾਨ ਜਥੇਬੰਦੀਆਂ ਤੇ ਵੱਖ-ਵੱਖ ਜਥੇਬੰਦੀਆਂ ਨੇ ਖੇਤੀ ਕਾਨੂੰਨ ਦੇ ਵਿਰੋਧ 'ਚ ਕੇਂਦਰ ਸਰਕਾਰ ਖਿਲਾਫ ਧਰਨੇ ਲਾ ਕੇ ਰੋਸ ਪ੍ਰਦਸ਼ਨ ਕੀਤਾ। ਸਥਾਨਕ ਲੋਕਾਂ ਤੇ ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਜਲਦ ਤੋਂ ਜਲਦ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਕੀਤੀ।