ਸਬਜ਼ੀਆਂ ਦੇ ਵੱਧਦੇ ਰੇਟ ਕਾਰਨ ਖ਼ਰਾਬ ਹੋਇਆ ਲੋਕਾਂ ਦੀ ਰਸੋਈ ਦਾ ਬਜਟ - ਪਿਆਜ਼ ਦਾ ਰੇਟ 'ਚ ਵਾਧਾ
ਪਟਿਆਲਾ : ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਸਬਜ਼ੀਆਂ ਦੇ ਰੇਟ ਦੁੱਗਣੇ ਹੋ ਗਏ। ਇਸ ਮੌਕੇ ਪਟਿਆਲਾ ਦੀ ਸਬਜ਼ੀ ਮੰਡੀਆਂ ਦੇ ਸਬਜ਼ੀ ਵਿਕ੍ਰੇਤਾ ਵੀ ਪਰੇਸ਼ਾਨ ਹਨ। ਸਬਜ਼ੀ ਵਿਕ੍ਰੇਤਾਵਾਂ ਨੇ ਕਿਹਾ ਕਿ ਪਹਿਲਾਂ ਕੋਰੋਨਾ ਮਹਾਂਮਾਰੀ ਦੇ ਕਾਰਨ ਉਨ੍ਹਾਂ ਨੂੰ ਮੰਦੀ ਦੀ ਮਾਰ ਝੱਲਣੀ ਪਈ। ਇਸ ਮਗਰੋਂ ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨੇ ਲਾਏ ਜਾ ਰਹੇ ਹਨ। ਜਿਸ ਦੇ ਚਲਦੇ ਬਾਹਰਲੇ ਸੂਬਿਆਂ ਤੋਂ ਸਬਜ਼ੀਆਂ ਦੀ ਆਮਦ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਪਿਛਲੇ 15 ਦਿਨਾਂ 'ਚ ਪਿਆਜ਼ ਦਾ ਰੇਟ 30 ਰੁਪਏ ਤੋਂ 80 ਰੁਪਏ ਤੱਕ ਪਹੁੰਚ ਗਿਆ ਹੈ ਤੇ ਅੱਗੇ ਵੀ ਇਸ 'ਚ ਵਾਧਾ ਹੋਣ ਦੇ ਆਸਾਰ ਹਨ। ਸਬਜ਼ੀਆਂ ਦੇ ਵੱਧਦੇ ਰੇਟ ਨੇ ਲੋਕਾਂ ਦੀ ਰਸੋਈ ਦਾ ਬਜਟ ਖ਼ਰਾਬ ਕਰ ਦਿੱਤਾ ਹੈ ਤੇ ਮਹਿੰਗੀ ਹੋਣ ਕਾਰਨ ਲੋਕ ਸਬਜ਼ੀਆਂ ਨਹੀਂ ਖ਼ਰੀਦ ਰਹੇ।