Assembly Elections 2022: ਦਿੱਲੀ ’ਚ ਕੇਜਰੀਵਾਲ ਦੀ ਰਿਹਾਇਸ਼ ਬਾਹਰ ਬੈਠੇ ਰਾਜਾ ਵੜਿੰਗ - ਬਾਦਲਾਂ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਜਾਣ ਦੀ ਇਜਾਜ਼ਤ
ਦਿੱਲੀ: ਵਿਧਾਨਸਭਾ ਚੋਣਾਂ 2022 (Assembly Elections 2022) ਨੂੰ ਲੈਕੇ ਪੰਜਾਬ ਦੀ ਸਿਆਸਤ ਭਖ ਚੁੱਕੀ ਹੈ। ਇੱਕ ਪਾਸੇ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਉੱਤੇ ਹਨ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Transport Minister Amarinder Singh Raja Waring) ਮੰਗਾਂ ਨੂੰ ਲੈਕੇ ਕੇਜਰੀਵਾਲ ਦੀ ਰਿਹਾਇਸ਼ ਬਾਹਰ ਬੈਠ ਗਏ ਹਨ। ਇਸ ਮੌਕੇ ਵੜਿੰਗ ਵੱਲੋਂ ਕੇਜਰੀਵਾਲ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ। ਉਨ੍ਹਾਂ ਕੇਜਰੀਵਾਲ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਨਹੀਂ ਦਿੱਤਾ ਜਾ ਰਿਹਾ ਜਦਕਿ ਬਾਦਲਾਂ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਵੜਿੰਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹੀ 13 ਚਿੱਠੀਆਂ ਕੇਜਰੀਵਾਲ ਨੂੰ ਲਿਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸਦਾ ਜਵਾਬ ਲੈਣ ਦੇ ਲਈ ਉਹ ਦਿੱਲੀ ਕੇਜਰੀਵਾਲ ਦੀ ਰਿਹਾਇਸ਼ ਬਾਹਰ ਬੈਠੇ ਹਨ ਪਰ ਉਨ੍ਹਾਂ ਨਾਲ ਕਿਸੇ ਵੱਲੋਂ ਮੁਲਾਕਾਤ ਨਹੀਂ ਕੀਤੀ ਗਈ।