ਚੰਡੀਗੜ੍ਹ: ਉੱਤਰ ਭਾਰਤ 'ਚ ਪਿਛਲੇ ਦੋ ਮਹੀਨੇ ਤੋਂ ਠੰਢ ਦਾ ਕਹਿਰ ਜਾਰੀ ਹੈ। ਪੰਜਾਬ ਦੇ ਵਿੱਚ ਧੁੰਦ ਤੇ ਠੰਡ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਪਿਆ ਹੈ। ਪਿਛਲੇ ਤਿੰਨ ਚਾਰ ਦਿਨਾਂ ਤੋਂ ਧੁੱਪ ਨਿਕਲ ਰਹੀ ਸੀ ਜਿਸ ਕਾਰਨ ਲੋਕਾਂ ਨੂੰ ਲੱਗ ਰਿਹਾ ਸੀ ਕਿ ਹੁਣ ਠੰਡ ਦਾ ਅਸਰ ਘੱਟ ਹੋ ਜਾਵੇਗਾ ਪਰ ਸੋਮਵਾਰ ਸਵੇਰ ਤੋਂ ਹੀ ਧੁੰਦ ਨੇ ਫਿਰ ਆਪਣਾ ਕਹਿਰ ਸ਼ੁਰੂ ਕਰ ਦਿੱਤਾ। ਪੂਰਾ ਦਿਨ ਧੁੱਪ ਨਹੀਂ ਨਿਕਲੀ ਤੇ ਟ੍ਰਾਈਸਿਟੀ ਧੁੰਦ ਦੀ ਚਾਦਰ 'ਚ ਲਿਪਟੀ ਰਹੀ। ਸੋਮਵਾਰ ਨੂੰ ਪਈ ਧੁੰਦ ਕਾਰਨ ਤਾਪਮਾਨ 'ਚ ਕਾਫ਼ੀ ਗਿਰਾਵਟ ਆਈ। ਤਾਪਮਾਨ ਘੱਟੋਂ-ਘੱਟ ਛੇ ਡਿਗਰੀ ਤੇ ਪੁੱਜ ਗਿਆ ਸੀ ਅਤੇ ਵੱਧੋਂ-ਵੱਧ 14 ਡਿਗਰੀ ਤੱਕ ਹੀ ਪੁੱਜ ਪਾਇਆ। ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਤੱਕ ਬਾਰਿਸ਼ ਹੋਣ ਦੇ ਆਸਾਰ ਹਨ ਅਤੇ ਤਾਪਮਾਨ ਹੋਰ ਹੇਠਾ ਜਾ ਸਕਦਾ ਹੈ।