ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਹੱਕ 'ਚ ਨਿੱਤਰੇ ਪੰਜਾਬੀ ਗਾਇਕ, ਸੰਘਰਸ਼ ਤਿੱਖਾ ਕਰਨ ਦਾ ਕੀਤਾ ਐਲਾਨ
ਮੋਹਾਲੀ: ਪੰਜਾਬ 'ਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸ ਕੜੀ 'ਚ ਲੋਕ ਹਿੱਤ ਮਿਸ਼ਨ ਵੱਲੋਂ ਮਸ਼ਹੂਰ ਪੰਜਾਬੀ ਗਾਇਕਾਂ ਨੇ ਬੜੌਦੀ ਟੋਲ ਪਲਾਜ਼ਾ ਵਿਖੇ ਕਿਸਾਨਾਂ ਦੇ ਧਰਨੇ 'ਚ ਸ਼ਮੂਲੀਅਤ ਕੀਤੀ। ਕਿਸਾਨਾਂ ਦੇ ਹੱਕ 'ਚ ਸਮਰਥਨ ਕਰਨ ਲਈ ਗਾਇਕ ਕੰਵਰ ਗਰੇਵਾਲ, ਜੱਸ ਬਾਜਵਾ, ਹਰਫ਼ ਚੀਮਾ ਸਣੇ ਹਰਜੋਤ ਸਿੰਘ ਪੁੱਜੇ। ਕਿਸਾਨਾਂ ਦੇ ਹੱਕ 'ਚ ਬੋਲਦੇ ਹੋਏ ਗਾਇਕਾਂ ਨੇ ਕਿਹਾ ਕਿ ਕਿਸਾਨੀ ਦੁਨੀਆ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਕਿਸਾਨਾਂ ਦੇ ਸੰਘਰਸ਼ ਵਿੱਚ ਨੌਜਵਾਨਾਂ ਵੱਲੋਂ ਸਾਥ ਦਿੱਤੇ ਜਾਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਨੌਜਵਾਨ ਪੀੜੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੈ। ਇਸ ਲਈ ਇਹ ਸੰਘਰਸ਼ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਮੋਦੀ ਸਰਕਾਰ ਆਪਣੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰ ਦਿੰਦੀ।