ਪੰਜਾਬ ਵਿਰਸੇ ਨੂੰ ਦਰਸਾਉਂਦਾ 'ਤੀਆਂ ਸਤਰੰਗੇ ਪੰਜਾਬ ਦੀਆਂ' ਪ੍ਰੋਗਰਾਮ ਦਾ ਆਯੋਜਨ
ਸ਼ਾਹੀ ਸ਼ਹਿਰ ਪਟਿਆਲਾ ਦੇ ਇੱਕ ਨਿੱਜੀ ਹੋਟਲ ਵਿੱਚ ਬੜੇ ਧੂਮਧਾਮ ਨਾਲ ਤੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸਦਾ ਨਾਮ ਰੱਖਿਆ ਗਿਆ 'ਤੀਆਂ ਸਤਰੰਗੇ ਪੰਜਾਬ ਦੀਆਂ'। ਇਹ ਨਾਮ ਇਸ ਲਈ ਰੱਖਿਆ ਗਿਆ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਮੁਟਿਆਰਾਂ ਅਤੇ ਛੋਟਿਆਂ-ਛੋਟਿਆਂ ਬੱਚੀਆਂ ਭਾਗ ਲੈਣ ਲਈ ਆਇਆਂ ਸੀ। ਇਸ ਪ੍ਰੋਗਰਾਮ ਵਿੱਚ ਪੰਜਾਬੀ ਸਭਿਆਚਾਰ ਦੀਆਂ ਝਲਕੀਆਂ ਵੀ ਪੇਸ਼ ਕੀਤੀਆਂ ਗਈਆਂ, ਖੇਡਾਂ ਖੇਡੀਆਂ ਗਈਆਂ, ਰੈਂਪ ਸ਼ੋਅ ਕੀਤਾ ਗਿਆ ਜਿਸ ਵਿੱਚ ਪੰਜਾਬੀ ਮੁਟਿਆਰਾਂ, ਛੋਟੀਆਂ-ਛੋਟੀਆਂ ਬੱਚੀਆਂ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆਈਆਂ। ਮੁਟਿਆਰਾਂ ਵੱਲੋਂ ਪੰਜਾਬੀ ਗੀਤਾਂ 'ਤੇ ਗਿੱਧਾ-ਭੰਗੜਾ ਪਾਇਆ ਗਿਆ, ਬੋਲੀਆਂ ਪਾਈਆਂ ਗਈਆਂ ਅਤੇ ਮਹਿੰਦੀ ਕੰਪੀਟੀਸ਼ਨ ਕਰਵਾਏ ਗਏ। ਪ੍ਰੋਗਰਾਮ ਦੇ ਪ੍ਰਬੰਧਕ ਨੈਨਸੀ ਘੁੰਮਣ ਨੇ ਦੱਸਿਆ ਕਿ ਅਸੀਂ ਮਹਿਲਾਵਾਂ ਨੂੰ ਘਰਾਂ ਵਿੱਚੋਂ ਬਾਹਰ ਕੱਢ ਕੇ ਪੰਜਾਬੀ ਸਭਿਆਚਾਰ ਨਾਲ ਜੋੜ ਰਹੇ ਹਾਂ ਅਤੇ ਬੱਚਿਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜਾਣੂ ਕਰਵਾ ਰਹੇ ਹਾਂ।