ਪੰਜਾਬ ਸਰਕਾਰ ਵੱਲੋਂ ਵਜ਼ੀਫਾ ਘੁਟਾਲੇ ਦੀ ਨਹੀਂ ਹੋ ਰਹੀ ਸਹੀ ਜਾਂਚ: ਵਿਕ੍ਰਾਂਤ ਖੰਡੇਲਵਾਲ
ਫਾਜ਼ਿਲਕਾ: ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ਦੇ ਸੰਗਠਨ ਮੰਤਰੀ ਵਿਕ੍ਰਾਂਤ ਖੰਡੇਲਵਾਲ ਅਬੋਹਰ ਪਹੁੰਚੇ। ਉਹ ਇੱਥੇ ਏਬੀਵੀਪੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਤੇ ਵਿਦਿਆਰਥੀ ਪਰੀਸ਼ਦ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਪੁੱਜੇ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਦਲਿਤ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਤਹਿਤ ਵਜ਼ੀਫੇ ਦੀ ਰਕਮ ਨਾ ਮਿਲਣ ਦਾ ਵਿਰੋਧ ਕੀਤਾ। ਉਨ੍ਹਾਂ ਸੂਬੇ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਜ਼ੀਫਾ ਘੁਟਾਲੇ ਦੇ ਮਾਮਲੇ 'ਚ ਸ਼ਾਮਲ ਦੱਸਿਆ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਵਜ਼ੀਫਾ ਘੁਟਾਲਾ ਕੀਤਾ ਗਿਆ, ਜਿਸ ਕਾਰਨ ਇਸ ਦੀ ਚੰਗੀ ਤਰ੍ਹਾਂ ਜਾਂਚ ਨਹੀਂ ਹੋਈ। ਉਨ੍ਹਾਂ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ ਕੀਤੀ। ਵਿਕ੍ਰਾਂਤ ਖੰਡੇਲਵਾਲ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕਰੇਗੀ ਤਾਂ 19 ਅਕਤੂਬਰ ਨੂੰ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਏਬੀਵੀਪੀ ਵੱਲੋਂ ਵਿਧਾਨ ਸਭਾ ਦੇ ਬਾਹਰ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਜਾਵੇਗਾ।