ਸਾਂਝਾ ਅਧਿਆਪਕ ਮੋਰਚੇ ਨੇ ਸਾੜਿਆ ਪੰਜਾਬ ਸਰਕਾਰ ਦਾ ਪੁਤਲਾ - ਪ੍ਰਾਇਮਰੀ ਤੇ ਮਿਡਲ ਸਕੂਲਾਂ ਦੀਆਂ ਵਿਰੋਧੀ ਨੀਤੀਆਂ
ਸ੍ਰੀ ਫ਼ਤਿਹਗੜ੍ਹ ਸਾਹਿਬ:ਸਾਂਝਾ ਅਧਿਆਪਕ ਮੋਰਚਾ ਵਲੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ- ਵੱਖ ਸਿੱਖਿਆ ਬਲਾਕ ਦਫਤਰਾਂ ਦੇ ਅੱਗੇ ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਅਧਿਆਪਕਾਂ ਨੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੀਆਂ ਵਿਰੋਧੀ ਨੀਤੀਆਂ ਦੇ ਖਿਲਾਫ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਇਸ ਮੌਕੇ ਸਾਂਝਾ ਅਧਿਆਪਕ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਪ੍ਰਬੰਧ ਨੂੰ ਵਧੇਰੇ ਜ਼ਮਹੂਰੀ ਬਣਾਉਣ ਲਈ ਪ੍ਰਾਇਮਰੀ,ਮਿਡਲ,ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਰੂਪੀ ਹਰੇਕ ਕੜੀ ਨੂੰ ਮਜ਼ਬੂਤ ਕਰਨ ਦੀ ਬਜਾਏ ਪ੍ਰਾਇਮਰੀ ਤੇ ਮਿਡਲ ਸਕੂਲਾਂ ਦਾ ਫੌਰੀ ਉਜਾੜਾ ਕਰਕੇ ਵੱਡੇ ਸਕੂਲਾਂ ਦੇ ਕਾਰਪੋਰੇਟ ਮਾਡਲ ਖੜ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਮਿਡਲ ਸਕੂਲਾਂ ਦੀਆਂ ਪੋਸਟਾਂ ਸੀਨੀਅਰ ਸੈਕੰਡਰੀ ਸਕੂਲਾਂ 'ਚ ਸ਼ਿਫਟ ਕਰਕੇ ਮਿਡਲ ਸਕੂਲਾਂ ਦੀ ਸੁਤੰਤਰ ਹੋਂਦ ਖ਼ਤਮ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸੈਕੰਡਰੀ ਸਕੂਲਾਂ 'ਚ ਕਰਵਾਏ ਜਾ ਰਹੇ ਪ੍ਰਾਇਮਰੀ ਬੱਚਿਆਂ ਦੇ ਦਾਖਲੇ ਬੰਦ ਕੀਤੇ ਜਾਣ ਤੇ ਦਾਖਲ ਪ੍ਰਾਇਮਰੀ ਬੱਚਿਆਂ ਨੂੰ ਪਹਿਲਾਂ ਦੀ ਤਰ੍ਹਾਂ ਪ੍ਰਾਇਮਰੀ ਸਕੂਲਾਂ ਵਿੱਚ ਹੀ ਭੇਜਿਆ ਜਾਵੇ।