ਪੰਜਾਬ ਵਫ਼ਦ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਦੀ ਆਗਿਆ ਨਾ ਦੇਣਾ ਮੰਦਭਾਗਾ : ਕੈਪਟਨ - ਪਾਕਿਸਤਾਨ ਸਰਕਾਰ 'ਤੇ ਬੋਲੇ ਮੁੱਖ ਮੰਤਰੀ ਕੈਪਟਨ
ਗੁਰਦਾਸਪੁਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਸਰਕਾਰ ਵੱਲੋਂ ਪੰਜਾਬ ਦੇ ਮੰਤਰੀਆਂ, ਸਾਂਸਦਾਂ ਅਤੇ ਹੋਰਨਾਂ ਰਾਜਨੀਤਕ ਨੁਮਾਇੰਦਿਆਂ ਨੂੰ ਪਾਕਿਸਤਾਨ 'ਚ ਸਥਿਤ ਸ੍ਰੀ ਨਨਕਾਣਾ ਸਾਹਿਬ ਜਾਣ ਦੀ ਆਗਿਆ ਅਤੇ ਵੀਜ਼ਾ ਨਾ ਦੇਣ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮਾਂ ਮੌਕੇ ਸਿਆਸਤ ਨੂੰ ਲਾਂਭੇ ਕਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਤੈਅ ਕੀਤੀ 20 ਡਾਲਰ ਫੀਸ ਨੂੰ ਵਾਪਸ ਲੈਣ ਤੋਂ ਇਨਕਾਰ ਕਰਨ ’ਤੇ ਪਾਕਿਸਤਾਨ ਵਿਰੁੱਧ ਮੁੜ ਰੋਸ ਜ਼ਾਹਰ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਵਾਸਤੇ ਕਿਸੇ ਵੀ ਤਰਾਂ ਦੀ ਫੀਸ ਪਾਕਿਸਤਾਨ ਨੂੰ ਦੇਣ ਦੇ ਸਿਧਾਂਤਕ ਤੌਰ ’ਤੇ ਖਿਲਾਫ਼ ਹਨ।