ਰਾਮ ਮੰਦਰ ਲਈ ਸੰਘਰਸ਼ ਕਰਨ ਵਾਲੇ ਪੁਨੀਤ ਸ਼ੁਕਲਾ ਨੂੰ ਕੀਤਾ ਗਿਆ ਸਨਮਾਨਿਤ - ਰਾਮ ਮੰਦਰ ਭੂਮੀ ਪੂਜਨ
ਜਲੰਧਰ: ਅੱਜ ਅਯੁੱਧਿਆ ਵਿੱਚ ਸ੍ਰੀ ਰਾਮ ਮੰਦਰ ਭੂਮੀ ਪੂਜਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਮੀ ਪੂਜਨ ਸਮਾਗਮ ਵਿੱਚ ਸ਼ਿਰਕਤ ਕਰਨ ਦੇ ਲਈ ਅਯੁੱਧਿਆ ਜਾ ਰਹੇ ਹਨ। ਸ੍ਰੀ ਰਾਮ ਭਗਤ ਪਿਛਲੇ ਕਈ ਸਾਲਾਂ ਤੋਂ ਅਯੁੱਧਿਆ ਰਾਮ ਮੰਦਰ ਲਈ ਸੰਘਰਸ਼ ਕਰ ਰਹੇ ਸੀ ਤੇ ਆਖਿਰ ਉਨ੍ਹਾਂ ਦਾ ਸੁਪਨਾ ਸਾਕਾਰ ਹੋ ਰਿਹਾ ਹੈ। ਰਾਮ ਮੰਦਰ ਨਿਰਮਾਣ ਦੇ ਲਈ ਕਈਆਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ ਕਈਆਂ ਨੂੰ ਇਸ ਸੰਘਰਸ਼ ਦੌਰਾਨ ਗੋਲੀਆਂ ਵੀ ਲੱਗੀਆਂ। ਇਨ੍ਹਾਂ ਵਿੱਚੋਂ ਇੱਕ ਹਨ ਜਲੰਧਰ ਦੇ ਰਾਮਾ ਮੰਡੀ ਦੇ ਰਹਿਣ ਵਾਲੇ ਪੁਨੀਤ ਸ਼ੁਕਲਾ, ਜਿਨ੍ਹਾਂ ਨੂੰ ਸੰਘਰਸ਼ ਦੌਰਾਨ 2 ਨਵੰਬਰ 1990 ਵਿੱਚ ਅਯੁੱਧਿਆ ਦੇ ਹਨੁਮਾਨਗੜ੍ਹ ਵਿੱਚ ਗੋਲੀ ਲੱਗੀ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਇਹ ਉਮੀਦ ਸੀ ਕਿ ਇੱਕ ਨਾ ਇੱਕ ਦਿਨ ਇੱਥੇ ਰਾਮ ਮੰਦਰ ਜ਼ਰੂਰ ਬਣੇਗਾ। ਹੁਣ ਉਨ੍ਹਾਂ ਦਾ ਸੁਪਨਾ ਸਾਕਾਰ ਹੋਇਆ ਹੈ। ਇਸੇ ਤਹਿਤ ਪੰਜਾਬ ਦੇ ਐਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਵੱਲੋਂ ਪੁਨੀਤ ਸ਼ੁਕਲਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।