ਹਜ਼ੂਰ ਸਾਹਿਬ 'ਚ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ PRTC ਦੀਆਂ ਬੱਸਾਂ ਰਵਾਨਾ - ਹਜ਼ੂਰ ਸਾਹਿਬ 'ਚ ਫਸੇ ਸ਼ਰਧਾਲੂ
ਪਟਿਆਲਾ: ਹਜ਼ੂਰ ਸਾਹਿਬ ਵਿੱਚ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਪੀਆਰਟੀਸੀ ਦੀਆਂ ਬੱਸਾਂ ਅੱਜ ਪਟਿਆਲਾ ਤੋਂ ਰਵਾਨਾ ਹੋ ਗਈਆਂ ਹਨ। ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ ਦੀ ਹਾਜ਼ਰੀ 'ਚ ਬੱਸ ਸਟੈਂਡ ਪਟਿਆਲਾ ਤੋਂ ਬੱਸਾਂ ਨੂੰ ਰਵਾਨਾ ਕੀਤਾ ਗਿਆ। ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਤੋ ਬਾਅਦ ਪੰਜਾਬ ਸਰਕਾਰ ਨੇ ਪੀ.ਆਰ.ਟੀ.ਸੀ. ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਚੇਅਰਮੈਨ ਕੇ ਕੇ ਸ਼ਰਮਾ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਨੇ ਆਪਣੇ 17 ਡਿਪੂਆਂ ਤੋਂ ਬੱਸਾਂ ਮੰਗਵਾਈਆਂ ਹਨ। ਸਮੁੱਚੀਆਂ 32 ਬੱਸਾਂ ਅੱਜ ਦੁਪਿਹਰ 12 ਵਜੇ ਬਠਿੰਡਾ ਪਹੁੰਚ ਜਾਣਗੀਆਂ ਅਤੇ ਹਜ਼ੂਰ ਸਾਹਿਬ ਲਈ ਬੱਸਾਂ ਦਾ ਕਾਫਲਾ ਰਵਾਨਾ ਹੋ ਜਾਵੇਗਾ। ਪੰਜਾਬ ਸਰਕਾਰ ਨੇ ਕੋਵਿਡ-19 ਦੇ ਮੱਦੇਨਜ਼ਰ ਲਗਾਈ ਤਾਲਾਬੰਦੀ ਕਾਰਨ ਹਜ਼ੂਰ ਸਾਹਿਬ 'ਚ ਫਸੇ ਸੂਬੇ ਦੇ 3000 ਸ਼ਰਧਾਲੂਆਂ ਦੀ ਸੁਰੱਖਿਅਤ ਵਾਪਸੀ ਦੀ ਮਨਜੂਰੀ ਲਈ ਮਹਾਰਾਸ਼ਟਰ ਸਰਕਾਰ ਨੂੰ ਬੇਨਤੀ ਕੀਤੀ ਸੀ।