ਮਾਨਸਾ 'ਚ ਬੀਜੇਪੀ ਆਗੂ ਦੇ ਘਰ ਅੱਗੇ ਕਿਸਾਨਾਂ ਦਾ ਧਰਨਾ 14ਵੇਂ ਦਿਨ ਵੀ ਜਾਰੀ
ਮਾਨਸਾ: ਬੀਕੇਯੂ ਉਗਰਾਹਾਂ ਦੇ ਸੱਦੇ ਉੱਤੇ ਅੱਜ ਜੱਥੇਬੰਦੀ ਨੇ ਮਾਨਸਾ ਵਿੱਚ ਮੁਜ਼ਾਹਰਾ ਕਰਕੇ ਬੀਜੇਪੀ ਆਗੂ ਸੂਰਜ ਛਾਬੜਾ ਦੇ ਘਰ ਅੱਗੇ ਅੱਜ 14ਵੇਂ ਦਿਨ ਧਰਨਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਬੀਜੇਪੀ ਆਗੂਆਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਕਾਰਨ ਕਈ ਬੀਜੇਪੀ ਆਗੂ ਅਸਤੀਫਾ ਦੇ ਚੁੱਕੇ ਹਨ। ਬੀਜੇਪੀ ਆਗੂ ਅਤੇ ਕੇਂਦਰ ਦੀ ਮੋਦੀ ਸਰਕਾਰ ਜਾਣ-ਬੁੱਝ ਕੇ ਕੋਝੀਆਂ ਹਰਕਤਾਂ 'ਤੇ ਉੱਤਰੇ ਹੋਏ ਹਨ। ਕਿਸਾਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਰੇਲ ਟ੍ਰੈਕ ਛੱਡੇ ਹੋਏ ਹਨ ਪਰ ਬੀਜੇਪੀ ਸਰਕਾਰ ਜਾਣ-ਬੁੱਝ ਕੇ ਮਾਲ ਗੱਡੀਆਂ ਨਹੀਂ ਚਲਾ ਰਹੀ। ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਬੀਜੇਪੀ ਦੀ ਮੋਦੀ ਸਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਬਖ਼ਲਾਈ ਹੋਈ ਹੈ। ਇਸ ਕਰਕੇ ਹਰ ਰੋਜ਼ ਨਵੇਂ ਤੋਂ ਨਵੇਂ ਕਾਨੂੰਨ ਤਿਆਰ ਕਰਕੇ ਕਿਸਾਨਾਂ, ਮਜ਼ਦੂਰਾਂ ਸਿਰ ਮੜ੍ਹ ਰਹੀ ਹੈ ਜੋ ਜੱਥੇਬੰਦੀ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 26 ਅਤੇ 27 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਨੂੰ ਕੂਚ ਕਰਨਗੇ।