ਦਿਵਿਆਂਗਾਂ ਨੇ ਪੰਜਾਬ ਸਰਕਾਰ ਵਿਰੁੱਧ ਕੱਢਿਆ ਰੋਸ ਮਾਰਚ - ਪੰਜਾਬ ਸਰਕਾਰ
ਸੰਗਰੂਰ : ਮਲੇਰਕੋਟਲਾ ਵਿਖੇ ਵਿਸ਼ਵ ਦਿਵਯਾਂਗ ਦਿਹਾੜੇ ਲੋਕ ਅਧਿਕਾਰ ਲਹਿਰ ਅਸੂਲ ਮੰਚ ਪੰਜਾਬ ਵੱਲੋਂ ਦਿਵਿਆਂਗ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਅਮਰਗੜ੍ਹ ਬਾਜ਼ਾਰ ਵਿੱਚ ਕੱਢਿਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਚ ਦੇ ਆਗੂ ਗੁਰਜਿੰਦਰ ਸਿੰਘ ਤੋਲੇਵਾਲ, ਬਾਬਾ ਹਰਜਿੰਦਰ ਸਿੰਘ ਲੱਧਾਹੇੜੀ ਅਤੇ ਅਮਨਦੀਪ ਕੌਰ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਵਿਸ਼ਵ ਦਿਵਯਾਂਗ ਦਿਹਾੜਾ ਮਨਾ ਰਹੀ ਹੈ, ਪਰ ਦੂਜੇ ਪਾਸੇ ਇਨ੍ਹਾਂ ਦੀਆਂ ਅਧੂਰੀਆਂ ਮੰਗਾਂ ਨੂੰ ਪੂਰਾ ਨਾ ਕਰਕੇ ਦਿਵਿਆਂਗ ਲੋਕਾਂ ਨਾਲ ਵੱਡਾ ਧੋਖਾ ਕਰ ਰਹੀ ਹੈ। ਉਨ੍ਹਾਂ ਆਪਣੀਆਂ ਮੰਗਾਂ ਬਾਰੇ ਬੋਲਦਿਆਂ ਕਿਹਾ ਕਿ ਦਿਵਿਆਂਗ ਲੋਕਾਂ ਲਈ ਰਾਖਵੀਆਂ ਅਸਾਮੀਆਂ ਹਨ ਉਨ੍ਹਾਂ ਨੂੰ ਭਰਿਆ ਜਾਵੇ। ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਚੋਣ ਮੈਨੀਫੈਸਟੋ 'ਚ ਪੰਜਾਬ ਸਰਕਾਰ ਵੱਲੋਂ ਕੀਤਾ 2500 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਤੁਰੰਤ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਿਵਿਆਂਗ ਨੂੰ ਦਿਵਿਆਂਗ ਦੇ ਸਰਟੀਫਿਕੇਟ ਬਣਾਉਣ ਲਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਾਂਦਾ ਹੈ ਅਤੇ ਉਥੇ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਤੁਰੰਤ ਪੂਰੀਆਂ ਨਹੀਂ ਕਰਦੀ ਤਾਂ ਲੋਕ ਅਧਿਕਾਰ ਲਹਿਰ ਅਸੂਲ ਮੰਚ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।