ਚੱਕਾ ਜਾਮ ਦੇ ਸੱਦੇ ਕਾਰਨ ਸੜਕਾਂ 'ਤੇ ਨਹੀਂ ਦੌੜ੍ਹੀਆਂ ਨਿੱਜੀ ਕੰਪਨੀਆਂ ਦੀਆਂ ਬੱਸਾਂ
ਬਠਿੰਡਾ: ਕੇਂਦਰ ਦੇ ਖੇਤੀ ਕਾਨੂੰਨ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਚੱਕਾ ਜਾਮ ਦੇ ਸੱਦੇ ਨੂੰ ਦੇਖਦਿਆਂ ਸੜਕਾਂ ਤੇ ਪ੍ਰਾਈਵੇਟ ਬੱਸਾਂ ਨਦਾਰਦ ਰਹੀਆਂ। ਸਮੁੱਚੇ ਹਲਕੇ ਦੀਆਂ ਸੜਕਾਂ 'ਤੇ ਨਿੱਜੀ ਕੰਪਨੀਆਂ ਦੀਆਂ ਬੱਸਾਂ ਦੌੜਦੀਆਂ ਦਿਖਾਈ ਨਹੀਂ ਦਿੱਤੀਆਂ। ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਬੱਸ ਸਟੈਂਡ ਤੋਂ ਅੱਜ ਵੱਖ-ਵੱਖ ਰੂਟਾਂ 'ਤੇ ਸਿਰਫ ਸਰਕਾਰੀ ਬੱਸਾਂ ਹੀ ਚੱਲੀਆਂ ਜਦਕਿ ਪ੍ਰਾਈਵੇਟ ਬੱਸਾਂ ਬੱਸ ਅੱਡੇ 'ਤੇ ਹੀ ਖੜ੍ਹੀਆਂ ਦਿਖਾਈ ਦਿੱਤੀਆਂ। ਬੱਸ ਅੱਡਾ ਇੰਚਾਰਜ ਨੇ ਦੱਸਿਆ ਕਿ ਚੱਕਾ ਜਾਮ ਕਾਰਣ ਅੱਜ ਸਵਾਰੀਆਂ ਨਾ ਮਿਲਣ ਕਾਰਣ ਹੀ ਨਿੱਜੀ ਕੰਪਨੀਆਂ ਨੇ ਬੱਸਾਂ ਨਹੀਂ ਚਲਾਈਆਂ ਪਰ ਪੀ.ਆਰ.ਟੀ.ਸੀ. ਨੇ ਆਪਣੀਆਂ ਬੱਸਾਂ ਸੜਕਾਂ ਤੇ ਉਤਾਰੀਆਂ ਹਨ ਤਾਂਕਿ ਲੋਕਾਂ ਨੂੰ ਮੁਸ਼ਕਿਲ ਨਾ ਆਵੇ।