ਹਸਪਤਾਲ ਤੋਂ ਫਰਾਰ ਹੋਇਆ ਕੈਦੀ ਚੜ੍ਹਿਆ ਪੁਲੀਸ ਦੇ ਹੱਥੀ
ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਬੀਤੇ ਦਿਨੀਂ ਗੌਰਵ ਨਾਂਅ ਦਾ ਕੈਦੀ ਫਰਾਰ ਹੋ ਗਿਆ ਸੀ। ਇਸ ਕੈਦੀ ਨੂੰ ਪੁਲਿਸ ਨੇ ਹੁਸ਼ਿਆਰਪੁਰ ਤੋਂ ਕਾਬੂ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕੈਦੀ ਨੂੰ ਇਲਾਜ਼ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਇਲਾਜ਼ ਦੌਰਾਨ ਕੈਦੀ ਨੇ ਪਾਖਾਨੇ ਜਾਣ ਦੇ ਬਹਾਨੇ ਪਾਖਾਨੇ ਰੌਸ਼ਨਦਾਨ ਰਾਹੀ ਫਰਾਰ ਹੋ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਵਰਿਆਮ ਸਿੰਘ ਨੇ ਦੱਸਿਆ ਕਿ 5 ਅਕਤੂਬਰ ਨੂੰ ਕੈਦੀ ਹਸਪਤਾਲ ਤੋਂ ਫ਼ਰਾਰ ਹੋ ਗਿਆ ਸੀ, ਜਿਸ ਦੀ ਭਾਲ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਪੁਲਿਸ ਨੇ ਕੈਦੀ ਨੂੰ ਹੁਸ਼ਿਆਰਪੁਰ ਪੁਲਿਸ ਦੀ ਮਦਦ ਨਾਲ 48 ਘੰਟਿਆਂ ਵਿੱਚ ਵਾਪਸ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਮੁਲਜ਼ਮ 'ਤੇ ਥਾਣਾ ਡਵੀਜ਼ਨ ਨੰਬਰ 5 ਵਿੱਚ ਸਨੈਚਿੰਗ ਦਾ ਮਾਮਲਾ ਦਰਜ ਹੈ। ਉਸ 'ਤੇ ਇੱਕ ਗੈਸ ਏਜੰਸੀ ਦੇ ਕਰਮਚਾਰੀਆਂ ਤੋਂ ਪੈਸੇ ਲੁੱਟਣ ਦੇ ਇਲਜ਼ਾਮ ਲੱਗੇ ਹੋਏ ਹਨ।