ਲਾਈਨਮੈਨ ਮੌਤ ਦੇ ਮਾਮਲੇ 'ਚ ਪਾਵਰਕਾਮ ਕਰਮਚਾਰੀ ਡੀਐਸਪੀ ਰਾਏਕੋਟ ਨੂੰ ਮਿਲੇ - death of the lineman
ਲੁਧਿਆਣਾ :ਕਰੰਟ ਲੱਗਣ ਕਾਰਨ ਸਹਾਇਕ ਲਾਈਨਮੈਨ ਮੌਤ ਦੇ ਮਾਮਲੇ 'ਚ ਬਰੀਕੀ ਨਾਲ ਪੜਤਾਲ ਕਰਨ ਦੀ ਮੰਗ ਨੂੰ ਲੈ ਕੇ ਰਾਏਕੋਟ ਪਾਵਰਕਾਮ ਦੇ ਮੁਲਾਜ਼ਮਾਂ ਦੀ ਤਾਲਮੇਲ ਕਮੇਟੀ ਅਤੇ ਪੀਐਸਈਬੀ ਐਂਪਲਾਈਜ਼ ਜੁਆਇੰਟ ਫੋਰਮ ਦਾ ਇੱਕ ਵਫ਼ਦ ਡੀ ਐੱਸ ਪੀ ਰਾਏਕੋਟ ਸੁਖਨਾਜ ਸਿੰਘ ਨੂੰ ਮਿਲਿਆ। ਜਿਸ ਦੌਰਾਨ ਵਫ਼ਦ ਨੇ ਡੀਐਸਪੀ ਰਾਏਕੋਟ ਸੁਖਨਾਜ ਸਿੰਘ ਨੂੰ ਇਕ ਮੰਗ ਪੱਤਰ ਦੇ ਕੇ 12 ਜੂਨ ਨੂੰ ਪਿੰਡ ਜੌਹਲਾਂ ਦੇ ਖੇਤਾਂ ਵਿੱਚ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਪਾਵਰਕਾਮ ਦੇ ਸਹਾਇਕ ਲਾਈਨਮੈਨ ਸੁਖਜੀਤ ਸਿੰਘ ਵਾਸੀ ਧੂਰੀ ਦੀ ਹੋਈ ਮੌਤ ਸੀਐਚਬੀ ਅਵਤਾਰ ਸਿੰਘ ਦੇ ਗੰਭੀਰ ਰੂਪ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਬਾਰੀਕੀ ਨਾਲ ਪੜਤਾਲ ਕਰਨ ਅਤੇ ਅਤੇ ਕੁਝ ਵਿਅਕਤੀਆਂ ਵੱਲੋਂ ਲਗਾਏ ਧਰਨੇ ਦੇ ਦਬਾਅ ਕਾਰਨ ਪਾਵਰਕਾਮ ਅਧਿਕਾਰੀਆਂ ਖ਼ਿਲਾਫ਼ ਦਰਜ ਕੀਤੇ ਪੁਲਸ ਮੁਕੱਦਮੇ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਹੈ।ਇਸ ਮੌਕੇ ਜਾਣਕਾਰੀ ਦਿੰਦਿਆਂ ਟੈਕਨੀਕਲ ਸਰਵਿਸ ਯੂਨੀਅਨ ਹਲਕਾ ਲੁਧਿਆਣਾ ਦੇ ਪ੍ਰਧਾਨ ਜਸਵੰਤ ਸਿੰਘ ਕੁਤਬਾ ਅਤੇ ਕੇਂਦਰੀ ਜ਼ੋਨ ਦੇ ਆਗੂ ਅਵਤਾਰ ਸਿੰਘ ਬੱਸੀਆਂ ਨੇ ਦੱਸਿਆ ਕਿ ਪਿੰਡ ਜੌਹਲਾਂ ਵਿਖੇ ਖੇਤਾਂ ਵਿਚ 11 ਕੇ.ਵੀ. ਬਿਜਲੀ ਸਪਲਾਈ ਵਾਲੀ ਸਵਿੱਚ ਦੀ ਮੁਰੰਮਤ ਕਰਨ ਸਮੇਂ ਲਾਈਨਮੈਨ ਬੂਟਾ ਸਿੰਘ ਵੱਲੋਂ ਕੁਤਬਾ ਗਰਿੱਡ ਤੋਂ ਬਾਕਾਇਦਾ ਪਰਮਿਟ ਲਿਆ ਹੋਇਆ ਸੀ ਅਤੇ ਕਰਮਚਾਰੀ ਲਾਈਨ ਉੱਪਰ ਜੀ ਓ ਸਵਿਚ ਦੀ ਰਿਪੇਅਰ ਕਰ ਰਹੇ ਸਨ ਪ੍ਰੰਤੂ ਬੰਦ ਲਾਈਨ ਵਿਚ ਕਿਸੇ ਅਣਪਛਾਤੇ ਕਿਸਾਨ ਵੱਲੋਂ ਜਨਰੇਟਰ ਚਲਾਉਣ ਕਾਰਨ ਬਿਜਲੀ ਦੀ ਬੈਕ ਸਪਲਾਈ ਆ ਗਈ ਅਤੇ ਕਰੰਟ ਲੱਗਣ ਕਾਰਨ ਸਹਾਇਕ ਲਾਈਨਮੈਨ ਸੁਖਜੀਤ ਸਿੰਘ ਦੀ ਮੌਤ ਹੋ ਗਈ ਤੇ ਅਵਤਾਰ ਸਿੰਘ ਵਾਸੀ ਜੌਹਲਾਂ ਗੱਭਰੂ ਜ਼ਖ਼ਮੀ ਹੋ ਗਿਆ।