ਤਲਵੰਡੀ ਸਾਬੋ: ਪੁਲਿਸ ਨੇ ਪਿੰਡ ਬੰਗੀ ਕਲਾਂ 'ਚੋਂ 1000 ਲੀਟਰ ਲਾਹਣ ਅਤੇ 250 ਲੀਟਰ ਨਜਾਇਜ਼ ਸ਼ਰਾਬ ਫੜ੍ਹੀ
ਬਠਿੰਡਾ: ਜ਼ਹਿਰੀਲੀ ਸ਼ਰਾਬ ਪੀਣ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਣ ਤੋਂ ਬਾਅਦ ਹੁਣ ਪੂਰੇ ਸੂਬੇ ਵਿੱਚ ਪੁਲਿਸ ਹਰਕਤ ਵਿੱਚ ਆਈ ਹੈ ਅਤੇ ਨਜਾਇਜ਼ ਸ਼ਰਾਬ ਫੜ੍ਹਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਲੜੀ ਵਿੱਚ ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਵਪਾਰਕ ਨਗਰ ਰਾਮਾਂ ਮੰਡੀ ਥਾਣੇ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨੇੜਲੇ ਪਿੰਡ ਬੰਗੀ ਕਲਾਂ ਵਿੱਚ ਛਾਪਾ ਮਾਰ ਕੇ 1000 ਲੀਟਰ ਲਾਹਣ ਅਤੇ 250 ਲੀਟਰ ਘਰ ਦੀ ਕੱਢੀ ਸ਼ਰਾਬ ਬਰਾਮਦ ਕਰਕੇ ਜਗਤਾਰ ਸਿੰਘ,ਹਰਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਨਾਂਅ ਦੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣੇ ਦੇ ਮੁਖੀ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਕਾਬੂ ਕਰ ਲਿਆ ਹੈ, ਜਦੋਂ ਕਿ ਬਾਕੀਆਂ ਦੀ ਭਾਲ ਜ਼ਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੇ ਘਰੋਂ ਕੁਝ ਨਕਲੀ ਨੋਟ ਤੇ ਕਲਰ ਪ੍ਰਿੰਟਰ ਵੀ ਫੜ੍ਹਿਆ ਗਿਆ।