ਪੈਟਰੋਲ ਪੰਪ ਤੇ ਬੈਂਕ ਲੁੱਟਣ ਦੀ ਤਿਆਰੀ ਕਰ ਰਹੇ ਲੁਟੇਰੇ ਪੁਲਿਸ ਅੜਿੱਕੇ
ਫ਼ਿਰੋਜ਼ਪੁਰ: ਸੀਆਈਏ ਸਟਾਫ਼ ਫਿਰੋਜ਼ਪੁਰ ਦੀ ਪੁਲਿਸ ਨੇ ਪੈਟਰੋਲ ਪੰਪ ਅਤੇ ਬੈਂਕ ਲੁੱਟਣ ਦੀ ਤਿਆਰੀ ਕਰ ਰਹੇ ਲੁਟੇਰਿਆਂ ਗਿਰੋਹ ਦੇ 5 ਮੈਂਬਰਾਂ ਥਾਮਸ ਬਸਤੀ ਭੱਟੀਆਂ ਵਾਲਾ, ਪਵਨਪ੍ਰੀਤ ਸਿੰਘ ਉਰਫ਼ ਪਵਨ, ਸਿਮਰਨਜੀਤ ਸਿੰਘ ਉਰਫ਼ ਹਨੀ ਵਾਸੀ ਨਵਾਂ ਪੁਰਬਾ, ਲਖਨ ਵਾਸੀ ਬਜੀਦਪੁਰ ਅਤੇ ਮੌਂਟੀ ਵਾਸੀ ਲਾਲਕੁਰਤੀ ਫਿਰੋਜ਼ਪੁਰ ਛਾਉਣੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਪਾਸੋਂ ਤਿੰਨ ਪਿਸਤੌਲ 3 ਪਿਸਤੌਲ 30 ਬੋਰ, ਇੱਕ ਪਿਸਤੌਲ 9 ਐਮਐਮ, ਇੱਕ ਪਿਸਤੌਲ 7.65 ਐਮ.ਐਮ, 12 ਜਿੰਦਾ ਕਾਰਤੂਸ, ਅਤੇ 2 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਹਰਮਨਦੀਪ ਹੰਸ ਅਤੇ ਐਸ.ਪੀ (ਇਨਵੈਸਟੀਗੇਸ਼ਨ) ਮਨਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਇਹ ਲੁਟੇਰਾ ਗਰੋਹ ਹਥਿਆਰਾਂ ਨਾਲ ਲੈਸ ਹੋ ਕੇ ਪੈਟਰੋਲ ਪੰਪ ਅਤੇ ਬੈਂਕ ਲੁੱਟਣ ਦੀ ਤਿਆਰੀ ਕਰ ਰਿਹਾ ਹੈ। ਐਸਪੀ ਮਨਵਿੰਦਰ ਸਿੰਘ ਅਤੇ ਡੀਐਸਪੀ ਜਗਦੀਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਆਈਏ ਸਟਾਫ਼ ਦੀ ਗਠਿਤ ਟੀਮ ਨੇ ਫਿਰੋਜ਼ਪੁਰ ਮੋਗਾ ਰੋਡ ’ਤੇ ਓਵਰ ਬ੍ਰਿਜ ਦੇ ਹੇਠਾਂ ਤੋਂ ਛਾਪਾ ਮਾਰ ਕੇ ਕਥਿਤ ਲੁਟੇਰਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ।