ਜ਼ਹਿਰੀਲੀ ਸ਼ਰਾਬ ਮਾਮਲਾ: ਪਠਾਨਕੋਟ 'ਚ ਭਾਜਪਾ ਦਾ ਕਾਂਗਰਸ 'ਤੇ ਹੱਲਾ ਬੋਲ - BJP attacks Congress in Pathankot
ਪਠਾਨਕੋਟ: 2017 ਦੇ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਵਿੱਚ ਆਈ ਸੂਬੇ ਦੀ ਕਾਂਗਰਸ ਸਰਕਾਰ ਨੇ ਪੰਜਾਬ ਵਿੱਚੋਂ ਕੁਝ ਦਿਨਾਂ ਦੇ ਅੰਦਰ ਨਸ਼ਾ ਖ਼ਤਮ ਕਰਨ ਦਾ ਐਲਾਨ ਕੀਤਾ ਸੀ ਪਰ ਅੱਜ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਨੂੰ ਬਣੇ ਹੋਏ 3 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਪਿਛਲੇ ਦਿਨੀਂ ਸੂਬੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਦੇ ਚੱਲਦੇ ਭਾਜਪਾ ਵੱਲੋਂ ਕਾਂਗਰਸ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਅੱਜ ਭਾਜਪਾ ਯੁਵਾ ਮੋਰਚਾ ਵੱਲੋਂ ਪਠਾਨਕੋਟ ਵਿਧਾਇਕ ਅੰਮ੍ਰਿਤ ਅਤੇ ਹਲਕਾ ਭੋਆ ਦੇ ਵਿਧਾਇਕ ਜੁਗਿੰਦਰ ਪਾਲ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸੂਬਾ ਸਰਕਾਰ ਦੇ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕੀਤਾ। ਇਸ ਬਾਰੇ ਜਦੋਂ ਪ੍ਰਦਰਸ਼ਨ ਕਰ ਰਹੇ ਭਾਜਪਾ ਕਾਰਜਕਰਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੱਤਾ ਦੇ ਵਿੱਚ ਹੈ। ਪਿਛਲੇ ਦਿਨੀ ਜਹਿਰੀਲੀ ਸ਼ਰਾਬ ਨਾਲ ਜੋ ਮੌਤਾਂ ਹੋਈਆਂ ਹਨ ਉਹ ਉਸ ਦਾ ਜਵਾਬ ਲੈਣ ਵਿਧਾਇਕ ਸਾਬ੍ਹ ਕੋਲ ਆਏ ਹਨ ਪਰ ਉਹ ਸ਼ਾਇਦ ਜਵਾਬ ਦੇਣ ਵਿੱਚ ਸਮਰਥ ਨਹੀਂ ਹਨ ਤਾਂ ਹੀ ਉਹ ਉਨ੍ਹਾਂ ਦੇ ਸਾਹਮਣੇ ਨਹੀਂ ਆ ਰਹੇ।