ਥਾਣੇ ਬਾਹਰ ਮ੍ਰਿਤਕ ਦੇਹ ਰੱਖ ਲੋਕਾਂ ਵੱਲੋਂ ਪ੍ਰਦਰਸ਼ਨ
ਬਠਿੰਡਾ: ਕੈਨਾਲ ਥਾਣੇ ਦੇ ਬਾਹਰ ਡਕੌਤ ਸਮਾਜ ਦੇ ਲੋਕ ਧਰਨੇ 'ਤੇ ਬੈਠੇ ਹੋਏ ਹਨ। ਧਰਨਾਕਾਰੀ ਪੁਲਿਸ ਤੋਂ ਲਗਾਤਾਰ ਇਨਸਾਫ਼ ਦੀ ਮੰਗ ਲੈ ਕੇ ਥਾਣੇ ਦੇ ਬਾਹਰ ਮ੍ਰਿਤਕ ਦੇਹ ਨਾਲ ਪ੍ਰਦਰਸ਼ਨ ਕਰ ਰਹੇ ਹਨ। ਮ੍ਰਿਤਕ ਪਰਿਵਾਰ ਦਾ ਕਹਿਣਾ ਹੈ ਮ੍ਰਿਤਕ ਅਮਰ ਸਿੰਘ ਦੀ ਜੋਜੋ ਨਾਂਅ ਦੇ ਮੁੰਡੇ ਦੀ ਬਾਈਕ ਨਾਲ ਟੱਕਰ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਆਪਸੀ ਝਗੜਾ ਹੋ ਗਿਆ। ਮੁਲਜ਼ਮ ਜੋਜੋ ਨੇ ਬਦਲਾ ਲੈਣ ਦੀ ਫਿਰਾਕ 'ਚ ਆਪਣੇ ਹੋਰ ਸਾਥੀਆਂ ਸਮੇਤ ਉਸ ਨਾਲ ਘਰ 'ਚ ਵੜ ਕੇ ਕੁੱਟਮਾਰ ਕੀਤੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡਕੌਤ ਸਮਾਜ ਦੇ ਲੋਕਾਂ ਨੇ ਪੁਲਿਸ ਤੇ ਕਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਡਕੌਤ ਸਮਾਜ ਦੇ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ, ਉਸ ਵੇਲੇ ਤੱਕ ਉਹ ਧਰਨਾ ਨਹੀਂ ਚੱਕਣਗੇ। ਇਸ ਮਾਮਲੇ 'ਚ ਥਾਣਾ ਪ੍ਰਭਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਬੀਤੇ ਦਿਨੀਂ ਹੋਏ ਝਗੜੇ ਨੂੰ ਲੈ ਕੇ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਇਲਾਜ ਦੌਰਾਨ ਅਮਰ ਦੀ ਮੌਤ ਹੋ ਗਈ ਹੈ। ਦੋਸ਼ੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿਸ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।