ਸਬਜ਼ੀ ਮੰਡੀ ਬੰਦ ਹੋਣ ਦੀ ਅਫ਼ਵਾਹ, ਲੋਕਾਂ ਨੇ ਸਬਜ਼ੀਆਂ ਸਟੋਰ ਕਰਨੀਆਂ ਕੀਤੀਆਂ ਸ਼ੁਰੂ - ਸਬਜ਼ੀਆਂ ਸਟੋਰ
ਕੋਰੋਨਾ ਵਾਇਰਸ ਦਾ ਡਰ ਫੈਲਣ ਕਾਰਨ ਅਫ਼ਵਾਹ ਦਾ ਬਾਜ਼ਾਰ ਵੀ ਪੂਰੀ ਤਰ੍ਹਾਂ ਗਰਮ ਹੈ। ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ ਆਮ ਤੌਰ 'ਤੇ ਦੁਪਹਿਰ ਵੇਲੇ ਤਕਰੀਬਨ ਖਾਲੀ ਜਿਹੀ ਨਜ਼ਰ ਆਉਂਦੀ ਹੈ, ਪਰ ਅੱਜ ਇਸ ਮੰਡੀ ਵਿੱਚ ਦੁਪਹਿਰ ਵੇਲੇ ਵੀ ਸਵੇਰ ਵਾਂਗ ਭੀੜ ਲੱਗੀ ਰਹੀ। ਜਿੱਥੇ ਇੱਕ ਪਾਸੇ ਸਰਕਾਰ ਵੱਲੋਂ ਕੋਰੋਨਾ ਵਾਇਰਸ ਕਾਰਨ ਸਕੂਲ, ਜਿਮ, ਰੇਸਤਰਾਂ ਤੇ ਹੋਰ ਸੰਸਥਾਵਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ, ਉੱਥੇ ਹੀ, ਸੋਸ਼ਲ ਮੀਡੀਆ ਵਿੱਚ ਫੈਲ ਰਹੀਆਂ ਅਫ਼ਵਾਹਾਂ ਕਰਕੇ ਲੋਕਾਂ ਵਿੱਚ ਹਫੜਾ ਤਫੜੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਵਿੱਚ ਚੱਲੇ ਮੈਸੇਜ ਜਿਸ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਵੱਲੋਂ ਸਬਜੀ ਮੰਡੀ ਨੂੰ ਵੀ ਬੰਦ ਕੀਤਾ ਜਾਵੇਗਾ, ਇਸ ਤੋਂ ਬਾਅਦ ਆਮ ਲੋਕਾਂ ਵਿੱਚ ਸਬਜ਼ੀ ਖ਼ਰੀਦ ਕੇ ਆਪਣੇ ਘਰ ਵਿੱਚ ਸਟੋਰ ਕਰਨ ਦਾ ਸਿਲਸਿਲਾ ਜਾਰੀ ਹੋ ਗਿਆ। ਇਸ ਗੱਲ ਨੂੰ ਲੈ ਕੇ ਸਬਜ਼ੀ ਵਿਕਰੇਤਾਵਾਂ ਅਤੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਲੋਕ ਅਫਵਾਹ 'ਤੇ ਵਿਸ਼ਵਾਸ ਨਾ ਕਰਨ।