ਦੂਜੇ ਸੂਬਿਆਂ ਤੋਂ ਆਏ ਲੋਕਾਂ ਦੇ ਹੋਣਗੇ ਸਿੱਧੇ ਕੋਰੋਨਾ ਟੈਸਟ: ਸਿਵਲ ਸਰਜਨ
ਅੰਮ੍ਰਿਤਸਰ: ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਤਰਨ-ਤਾਰਨ ਦੇ 8 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਦੂਜੇ ਸੂਬਿਆਂ ਤੋਂ ਆਉਣ ਵਾਲੇ ਕਿਸੇ ਵੀ ਵਿਅਕਤੀ ਦੀ ਸਕ੍ਰੀਨਿੰਗ ਕਰਨ ਦੀ ਬਜਾਏ ਕੋਰੋਨਾ ਟੈਸਟ ਹੋਵੇਗਾ। ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਸਾਰੇ ਸ਼ਰਧਾਲੂ ਆਪਣੀ ਕਾਰ ਤੋਂ ਹਜ਼ੂਰ ਸਾਹਿਬ ਵਾਪਸ ਪਰਤੇ ਸਨ ਅਤੇ ਇਸ ਲਈ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 3 ਬੱਸਾਂ ਵਿੱਚ 101 ਸ਼ਰਧਾਲੂ ਅਤੇ ਕੋਟਾ ਤੋਂ 9 ਵਿਦਿਆਰਥੀ ਆਏ ਸਨ। ਸਭ ਨੂੰ ਇਕਾਂਤ ਵਾਸ ਵਿੱਚ ਰੱਖਿਆ ਗਿਆ ਹੈ, ਸਾਰੇ ਟੈਸਟ ਹੋ ਚੁੱਕੇ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਵੱਲੋਂ ਪੀ.ਪੀ.ਈ. ਕਿੱਟਾਂ ਦੀ ਗੁਣਵਤਾ ਦੀ ਘਾਟ ਬਾਰੇ ਕੀਤੀ ਜਾ ਰਹੀ ਸ਼ਿਕਾਇਤ 'ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਅਤੇ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪੀ.ਪੀ.ਈ. ਕਿੱਟਾਂ ਦੀ ਗੁਣਵੱਤਾ ਦੀ ਪੜਤਾਲ ਕੀਤੀ ਜਾ ਰਹੀ ਹੈ।