ਪਟਵਾਰ ਯੂਨੀਅਨ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ
ਹੁਸ਼ਿਆਰਪੁਰ ਦੀ ਪਟਵਾਰ ਯੂਨੀਅਨ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਤਹਿਸੀਲ ਪ੍ਰਧਾਨ ਦਲਜੀਤ ਸਿੰਘ ਦੀ ਅਗਵਾਈ ਹੇਠ ਦਿੱਤਾ ਗਿਆ। ਇਸ ਮੌਕੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਸਾਲ 1996 ਤੋਂ ਬਾਅਦ ਸੀਨੀਅਰ ਸਕੇਲ ਖ਼ਤਮ ਕੀਤੇ ਜਾਣ ਕਾਰਨ ਭਰਤੀ ਪਟਵਾਰੀਆਂ ਦੀ ਤਨਖ਼ਾਹ ਦੀ ਤਰੁੱਟੀ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 7 ਪਟਵਾਰੀਆਂ ਪਿੱਛੇ 1 ਕਾਨੂੰਗੋ ਅਫ਼ਸਰ ਦੀ ਮੰਗ ਵਿੱਤੀ ਵਿਭਾਗ ਵੱਲੋਂ ਮਨਜ਼ੂਰ ਹੋ ਚੁੱਕੀ ਹੈ। ਉਨ੍ਹਾਂ ਵੱਲੋਂ ਕਾਨੂੰਗੋਆਂ ਦੇ ਕੰਮਾਂ 'ਤੇ ਰਾਈਟ-ਟੂ-ਸਰਵਿਸ ਐਕਟ ਜਲਦ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਸਰਕਾਰ ਤੋਂ ਪਟਵਾਰੀਆਂ ਨੂੰ ਲੈਪਟਾੱਪ ਮੁਹੱਈਆ ਕਰਵਾਏ ਜਾਣ, ਪਟਵਾਰੀਆਂ ਦੀ ਭਰਤੀ ਕਰਨ, ਨਵੇਂ ਪਟਵਾਰੀਆਂ ਦੀ ਟਰੇਨਿੰਗ ਪੀਰੀਅਡ ਨੂੰ ਪਰਖਕਾਲ 'ਚ ਸ਼ਾਮਲ ਕਰਕੇ ਪਰਖਕਾਲ 2 ਸਾਲ ਕਰਨ ਦੀ ਮੰਗ ਤੇ ਨਵੀਆਂ ਬਣੀਆਂ ਤਹਿਸੀਲਾਂ 'ਚ ਦਫ਼ਤਰਾਂ ਅਤੇ ਸਟਾਫ਼ ਦੀਆਂ ਅਸਾਮੀਆਂ ਨੂੰ ਮਨਜੂਰੀ ਦੇਣ ਦੀ ਮੰਗ ਕੀਤੀ ਹੈ।