ਬਿਨਾ ਪਰਮਿਟ ਆਟੋ ਚਲਾਓਣ ਵਾਲਿਆਂ 'ਤੇ ਪਠਾਨਕੋਟ ਟ੍ਰੈਫਿਕ ਪੁਲਿਸ ਹੋਈ ਸਖ਼ਤ
ਪਠਾਨਕੋਟ: ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੁਲਿਸ ਨੇ ਸਖਤ ਕਦਮ ਚੁੱਕਦਿਆਂ ਬਾਹਰੀ ਕਸਬਿਆਂ ਤੋਂ ਸ਼ਹਿਰ ਵਿੱਚ ਚੱਲਣ ਵਾਲੇ ਆਟੋਆਂ ਦੇ ਪਰਮਿਟ ਦੀ ਚੈਕਿੰਗ ਕੀਤੀ। ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਕਈ ਅਜਿਹੇ ਆਟੋ ਚੱਲ ਰਹੇ ਹਨ ਜੋ ਕਿ ਨਗਰ ਨਿਗਮ ਪਠਾਨਕੋਟ ਵੱਲੋਂ ਰਜਿਸਟਰਡ ਨਹੀਂ ਹਨ। ਪਠਾਨਕੋਟ ਟ੍ਰੈਫਿਕ ਪੁਲਿਸ ਨੇ ਚੌਂਕ ਵਿੱਚ ਬਿਨਾ ਪਰਮਿਟ ਦੇ ਆਟੋ ਡਰਾਈਵਰਾਂ ਦਾ ਚਲਾਨ ਕੱਟਿਆ। ਟ੍ਰੈਫਿਕ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪਠਾਨਕੋਟ ਵਿੱਚ ਨਾਜਾਇਜ਼ ਤਰੀਕੇ ਨਾਲ ਦੂਜੇ ਕਸਬਿਆਂ ਤੋਂ ਆਏ ਆਟੋ ਚੱਲ ਰਹੇ ਹਨ। ਇਸ ਕਾਰਨ ਸ਼ਹਿਰ ਦੇ ਅੰਦਰ ਟ੍ਰੈਫਿਕ ਜਾਮ ਹੋ ਜਾਂਦਾ ਹੈ। ਇਨ੍ਹਾਂ ਨੂੰ ਵੇਖਦੇ ਹੋਏ ਪਠਾਨਕੋਟ ਦੇ ਵੱਖ-ਵੱਖ ਚੌਂਕਾਂ ਵਿੱਚ ਨਾਕਾ ਲਗਾ ਕੇ ਇਨ੍ਹਾਂ ਆਟੋ ਚਾਲਕਾਂ 'ਤੇ ਨਕੇਲ ਕੱਸੀ ਜਾ ਰਹੀ ਹੈ।