ਪਠਾਨਕੋਟ: ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਪੜਾਏਗਾ ਕੋਵਿਡ-19 ਦਾ ਪਾਠ - Covid -19
ਪਠਾਨਕੋਟ: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਪੰਜਾਬ 'ਚ ਕਰਫਿਊ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਰ-ਵਾਰ ਹਦਾਇਤਾਂ ਦੇਣ ਤੇ ਅਪੀਲ ਕੀਤੇ ਜਾਣ ਦੇ ਬਾਵਜੂਦ ਕੁੱਝ ਲੋਕ ਕਰਫਿਊ ਦੀ ਉਲੰਘਣਾ ਕਰਦੇ ਹਨ। ਕਰਫਿਊ ਅਤੇ ਲੌਕਡਾਊਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕਰਨ ਲਈ ਪਠਾਨਕੋਰਟ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨਵੇਕਲਾ ਤਰੀਕਾ ਅਪਣਾਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਠਾਨਕੋਟ ਦੇ ਇੱਕ ਸਕੂਲ ਨੂੰ ਕੋਵਿਡ-19 ਮਹਾਂਮਾਰੀ ਸਬੰਧੀ ਜਾਗਰੂਕਤਾ ਸਕੂਲ 'ਚ ਤਬਦੀਲ ਕੀਤਾ ਗਿਆ ਹੈ। ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਸਜ਼ਾ ਦੇ ਤੌਰ 'ਤੇ ਪੁਲਿਸ ਵੱਲੋਂ ਇਸ ਸਕੂਲ 'ਚ ਲਿਆ ਕੇ ਸਾਰਾ ਦਿਨ ਕੋਰੋਨਾ ਵਾਇਰਸ ਸਬੰਧੀ ਪੜਾਇਆ ਜਾਵੇਗਾ ਤਾਂ ਜੋ ਉਹ ਲੋਕ ਕੋਰੋਨਾ ਵਾਇਰਸ ਦੀ ਬਿਮਾਰੀ ਤੇ ਇਸ ਦੇ ਘਾਤਕ ਨਤੀਜੀਆਂ ਤੋਂ ਜਾਣੂ ਹੋ ਸਕਣ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਅਜਿਹਾ ਕਰਨ ਨਾਲ ਲੋਕ ਜਾਗਰੂਕ ਹੋਣਗੇ ਤੇ ਸਰਕਾਰੀ ਤੇ ਡਾਕਟਰੀ ਹਿਦਾਇਤਾਂ ਮੁਤਾਬਕ ਘਰ ਦੇ ਅੰਦਰ ਰਹਿ ਕੇ ਬਚਾਅ ਕਰਨ ਲਈ ਪ੍ਰੇਰਤ ਹੋਣਗੇ।